ਦੋਸਤਾਂ ਨਾਲ ਲੋਹੜੀ ਮਨਾਉਣ ਆਏ 24 ਸਾਲਾ ਲੜਕੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਲੁਧਿਆਣਾ: 13 ਜਨਵਰੀ, ਦੇਸ਼ ਕਲਿੱਕ ਬਿਓਰੋ
ਆਪਣੇ ਦੋਸਤਾਂ ਨਾਲ ਲੋਹੜੀ ਮਨਾਉਣ ਆਏ ਹਰਿਆਣਾ ਦੇ ਇਕ ਨੌਜਵਾਨ ਦੀ ਲੁਧਿਆਣਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਰੇਲਗੱਡੀ ਤੋਂ ਹੇਠਾਂ ਉਤਰ ਕੇ ਉਹ ਕਰੀਬ 100 ਮੀਟਰ ਤੱਕ ਪੈਦਲ ਹੀ ਗਿਆ ਸੀ ਕਿ ਅਚਾਨਕ ਉਸ ਨੂੰ ਛਾਤੀ ਵਿਚ ਤੇਜ਼ ਦਰਦ ਹੋਣ ਲੱਗਾ।ਨੌਜਵਾਨ ਨੇ ਇਸ ਬਾਰੇ ਆਪਣੇ ਦੋਸਤਾਂ ਨੂੰ ਦੱਸਿਆ ਤਾਂ ਕੁਝ ਦੇਰ ਬਾਅਦ ਉਹ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਨਜ਼ਦੀਕੀ ਪ੍ਰਾਈਵੇਟ ਕਲੀਨਿਕ ਵਿੱਚ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ 24 ਸਾਲਾ ਚਿਰਾਗ ਹਰਿਆਣਾ ਦੇ ਹਾਂਸੀ ਪਿੰਡ ਦਾ ਰਹਿਣ ਵਾਲਾ ਸੀ। ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਗਿਆ ਹੈ। ਹਰਿਆਣਾ ਤੋਂ ਉਸ ਦੇ ਪਰਿਵਾਰ ਦੇ ਆਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।