ਐੱਸ.ਏ.ਐੱਸ. ਨਗਰ, 13 ਜਨਵਰੀ ( ) ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਰਮਨਦੀਪ ਕੌਰ ਗਿੱਲ ਅਤੇ ਜਨਰਲ ਸਕੱਤਰ ਸੁਖਚੇਨ ਸਿੰਘ ਸੈਣੀ ਅਤੇ ਸਮੂਹ ਆਧਿਕਾਰੀਆਂ /ਕਰਮਚਾਰੀਆਂ ਵੱਲੋਂ ਬੋਰਡ ਦੇ ਮੁੱਖ ਦਫਤਰ ਵਿਖੇ ਲੋਹੜੀ ਦਾ ਤਿਉਹਾਰ ਬੜੇ ਹੀ ਚਾਵਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਰੋਹ ਵਿੱਚ ਬੋਰਡ ਅਧਿਕਾਰੀ ਅਤੇ ਕਰਮਚਾਰੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ‘ਤੇ ਬੋਰਡ ਦਫਤਰ ਵਿੱਚ ਖੁਸ਼ੀ ਦਾ ਮਾਹੌਲ ਰਿਹਾ ਅਤੇ ਤਿਉਹਾਰ ਵਿੱਚ ਪੰਜਾਬੀ ਸੰਸਕ੍ਰਿਤੀ ਅਤੇ ਰਿਵਾਜਾਂ ਦੀ ਝਲਕ ਵੇੇਖਣ ਨੂੰ ਮਿਲੀ ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ੍ਰੀਮਤੀ ਪਰਲੀਨ ਕੌਰ ਬਰਾੜ (ਪੀ.ਸੀ.ਐੱਸ) ਨੇ ਵੀ ਸਮਾਰੋਹ ਵਿੱਚ ਸ਼ਾਮਲ ਹੋ ਕੇ ਇਸ ਤਿਉਹਾਰ ਦਾ ਆਨੰਦ ਲਿਆ। ਸਿੱਖਿਆ ਬੋਰਡ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਵਿੱਚ ਸਕੱਤਰ ਵਲੋਂ ਅੱਗ ਬਾਲ ਕੇ ਲੋਹੜੀ ਦੇ ਤਿਉਹਾਰ ਦਾ ਅਰੰਭ ਕੀਤਾ ਗਿਆ। ਸਮੂਹ ਮੁਲਾਜ਼ਮਾਂ ਨੂੰ ਮੁੰਗਫਲੀ, ਰਿਉੜੀਆਂ ਅਤੇ ਮੱਕੀ ਦੀਆਂ ਖਿੱਲਾਂ ਵੰਡੀਆਂ ਗਈਆ। ਸਕੱਤਰ ਵੱਲੋਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਕਿਹਾ ਗਿਆ ਕਿ ਲੋਹੜੀ ਦਾ ਤਿਉਹਾਰ ਮਿਹਨਤ, ਭਾਈਚਾਰੇ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਤਰਾਂ ਤਿਉਹਾਰਾਂ ਦੇ ਮੌਕੇ ‘ਤੇ ਸਾਰੇ ਮੁਲਾਜ਼ਮ ਆਪਣੇ ਦਫਤਰੀ ਕੰਮ-ਕਾਜ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਨੂੰ ਵੀ ਉੱਚਾ ਚੁੱਕਣ ਲਈ ਕੋਸ਼ਿਸ਼ ਕਰਦੇ ਰਹਿਣਗੇ।
ਇਸ ਮੌਕੇ ਸ਼੍ਰੀਮਤੀ ਪਰਲੀਨ ਕੌਰ ਬਰਾੜ, (ਪੀ.ਸੀ.ਐੱਸ.) ਸਕੱਤਰ ਸਿੱਖਿਆ ਬੋਰਡ, ਸੰਯੁਕਤ ਸਕੱਤਰ ਜੇ ਆਰ ਮਹਿਰੋਕ, ਉਪ ਸਕੱਤਰ ਸ਼੍ਰੀ ਗੁਰਤੇਜ ਸਿੰਘ, ਸਕੱਤਰ ਟੂ ਚੇਅਰਪਰਸਨ ਸ਼੍ਰੀ ਦਲਜੀਤ ਸਿੰਘ ਨਾਰੰਗ, ਉੱਪ ਸਕੱਤਰ ਸ਼੍ਰੀਮਤੀ ਅਮਰਜੀਤ ਕੌਰ ਦਾਲਮ, ਉੱਪ ਸਕੱਤਰ ਗੁਰਮੀਤ ਕੌਰ, ਡਾਇਰੈਕਟਰ ਕੰਪਿਉਟਰ ਨਵਨੀਤ ਕੌਰ ਤੋਂ ਇਲਾਵਾ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਰਮਨਦੀਪ ਕੌਰ ਗਿੱਲ, ਜਨਰਲ ਸਕੱਤਰ ਸ਼੍ਰੀ ਸੁਖਚੈਨ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ, ਸਕੱਤਰ ਸ਼੍ਰੀ ਸੁਨੀਲ ਅਰੋੜਾ ਅਤੇ ਹੋਰ ਨੁਮਾਇੰਦੇ ਵੀ ਹਾਜ਼ਰ ਸਨ।
Published on: ਜਨਵਰੀ 14, 2025 5:39 ਬਾਃ ਦੁਃ