ਲੋਕ ਹੱਕਾਂ ਦੀ ਉੱਘੀ ਕਾਰਕੁਨ ਬੇਲਾ ਭਾਟੀਆ ਅਤੇ ਡਾ. ਨਵਸ਼ਰਨ ਹੋਣਗੇ ਮੁੱਖ ਵਕਤਾ
ਬਰਨਾਲਾ: 14ਜਨਵਰੀ, ਦੇਸ਼ ਕਲਿੱਕ ਬਿਓਰੋ
ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵੱਲੋਂ 30 ਦਸੰਬਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਕੀਤੀ ਜਾਣ ਵਾਲੀ ਜਬਰ ਵਿਰੋਧੀ ਸੂਬਾਈ ਕਨਵੈਨਸ਼ਨ ਕੁਝ ਸਮੱਸਿਆਵਾਂ ਕਾਰਨ ਹੁਣ 19 ਜਨਵਰੀ ਨੂੰ ਕੀਤੀ ਜਾਵੇਗੀ। ਫਰੰਟ ਦੇ ਸੂਬਾਈ ਆਗੂਆਂ ਡਾ.ਪਰਮਿੰਦਰ, ਪ੍ਰੋਫੈਸਰ ਏ.ਕੇ.ਮਲੇਰੀ ਅਤੇ ਬੂਟਾ ਸਿੰਘ ਮਹਿਮੂਦਪੁਰ ਨੇ ਦੱਸਿਆ ਕਿ ਕਨਵੈਨਸ਼ਨ ਬਸਤਰ ਅਤੇ ਹੋਰ ਆਦਿਵਾਸੀ ਇਲਾਕਿਆਂ ਅੰਦਰ ਨਕਸਲਵਾਦ ਨੂੰ ਖ਼ਤਮ ਕਰਨ ਦੇ ਨਾਂ ਹੇਠ ਚਲਾਏ ਜਾ ਰਹੇ ਰਾਜਕੀ ਦਹਿਸ਼ਤਵਾਦ ਪਿੱਛੇ ਕੰਮ ਕਰਦੇ ਕਾਰਪੋਰੇਟ-ਹਿੰਦੂਤਵ ਗੱਠਜੋੜ ਦੇ ਅਸਲ ਮਨੋਰਥ ਬਾਰੇ ਸਪਸ਼ਟ ਕਰਨ ਅਤੇ ਇਸ ਫਾਸ਼ੀਵਾਦੀ ਵਰਤਾਰੇ ਨੂੰ ਠੱਲ ਪਾਉਣ ਲਈ ਵਿਸ਼ਾਲ ਜਮਹੂਰੀ ਲਹਿਰ ਖੜ੍ਹੀ ਕਰਨ ਦੀ ਲੋੜ ਨੂੰ ਮੁਖ਼ਾਤਿਬ ਹੋਵੇਗੀ।ਕਨਵੈਨਸ਼ਨ ਵਿਚ ਮੁੱਖ ਵਕਤਾ ਲੋਕ ਹੱਕਾਂ ਦੀ ਉੱਘੀ ਕਾਰਕੁਨ ਬੇਲਾ ਭਾਟੀਆ, ਜੋ ਕਿ ਬਸਤਰ ਆਧਾਰਤ ਖੋਜਕਰਤਾ ਅਤੇ ਆਦਿਵਾਸੀ ਹੱਕਾਂ ਦੀ ਉੱਘੀ ਝੰਡਾਬਰਦਾਰ ਹੈ, ਅਤੇ ਜਮਹੂਰੀ ਹੱਕਾਂ ਦੀ ਪਹਿਰੇਦਾਰ ਨਾਮਵਰ ਸ਼ਖ਼ਸੀਅਤ ਡਾ. ਨਵਸ਼ਰਨ ਹੋਣਗੇ। ਆਉਣ ਵਾਲੇ ਸਮੇਂ ਵਿਚ ਇਸੇ ਫੋਰਮ ਤੋਂ ਐਡਵੋਕੇਟ ਸ਼ਾਲਿਨੀ ਗੇਰਾ ਦੇ ਵਡਮੁੱਲੇ ਵਿਚਾਰਾਂ ਨਾਲ ਸਾਂਝ ਵੀ ਪਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਕਨਵੈਨਸ਼ਨ ਦੀ ਤਿਆਰੀ ਲਈ ਵੱਖ-ਵੱਖ ਇਲਾਕਿਆਂ ਵਿਚ ਜਨਤਕ ਮੀਟਿੰਗਾਂ ਅਤੇ ਹੋਰ ਰੂਪਾਂ ਵਿਚ ਸੰਪਰਕ ਮੁਹਿੰਮ ਚਲਾਉਂਦੇ ਹੋਏ ਪੰਜਾਬ ਦੀਆਂ ਸਮੂਹ ਲੋਕਪੱਖੀ ਤਾਕਤਾਂ ਨੂੰ ਹਕੂਮਤੀ ਦਹਿਸ਼ਤਵਾਦ ਵਿਰੁੱਧ ਆਵਾਜ਼ ਉਠਾਉਣ ਦੀ ਅਪੀਲ ਕੀਤੀ ਜਾਵੇਗੀ। ਬੁੱਧੀਜੀਵੀਆਂ, ਲੇਖਕਾਂ, ਕਲਾਕਾਰਾਂ, ਰੰਗਕਰਮੀਆਂ, ਵਕੀਲਾਂ, ਪੱਤਰਕਾਰਾਂ ਸਮੇਤ ਸਮੂਹ ਲੋਕਪੱਖੀ ਅਗਾਂਹਵਧੂ ਸੰਸਥਾਵਾਂ ਅਤੇ ਤਾਕਤਾਂ ਨੂੰ ਦਣਦਣਾ ਰਹੇ ਜਾਬਰ ਹਮਲੇ ਵਿਚ ਸਰਗਰਮੀ ਨਾਲ ਸ਼ਾਮਲ ਹੋਣ ਦਾ ਸੱਦਾ ਦਿੰਦੇ ਹੋਏ ਅਤੇ ਇਹ ਮੰਗ ਕਰਦੇ ਹੋਏ ਲੋਕ-ਰਾਇ ਉਸਾਰੀ ਜਾਵੇਗੀ ਕਿ ਆਦਿਵਾਸੀ ਇਲਾਕਿਆਂ ਵਿਚ ਨਕਸਲੀਆਂ ਅਤੇ ਆਦਿਵਾਸੀਆਂ ਦਾ ਕਤਲੇਆਮ ਬੰਦ ਕੀਤਾ ਜਾਵੇ, ਉਜਾੜੇ ਅਤੇ ਕਾਰਪੋਰੇਟ ਕਬਜ਼ੇ ਦਾ ਸੰਦ ਕਾਰਪੋਰੇਟ ਪੱਖੀ ਆਰਥਕ ਮਾਡਲ ਰੱਦ ਕੀਤਾ ਜਾਵੇ, ਜਲ-ਜੰਗਲ-ਜ਼ਮੀਨ ਉੱਪਰ ਆਦਿਵਾਸੀ ਲੋਕਾਂ ਦਾ ਕੁਦਰਤੀ ਹੱਕ ਤਸਲੀਮ ਕੀਤਾ ਜਾਵੇ, ਜਨਤਕ ਅੰਦੋਲਨਾਂ ਨੂੰ ਗ਼ੈਰਕਾਨੂੰਨੀ/ਪਾਬੰਦੀਸ਼ੁਦਾ ਕਰਾਰ ਦੇ ਕੇ ਕੁਚਲਣ ਦੀ ਨੀਤੀ ਬੰਦ ਕੀਤੀ ਜਾਵੇ ਅਤੇ ਜੇਲ੍ਹਾਂ ਵਿਚ ਡੱਕੇ ਬੁੱਧੀਜੀਵੀਆਂ ਤੇ ਰਾਜਨੀਤਕ ਕਾਰਕੁਨਾਂ ਨੂੰ ਰਿਹਾ ਕੀਤਾ ਜਾਵੇ ।
ਜਾਰੀ ਕਰਤਾ: ਡਾ. ਪਰਮਿੰਦਰ 95010-25030, ਪ੍ਰੋਫੈਸਰ ਏ.ਕੇ.ਮਲੇਰੀ 98557-00310, ਬੂਟਾ ਸਿੰਘ ਮਹਿਮੂਦਪੁਰ 94634-74342
ਡਾ ਅਜੀਤਪਾਲ ਸਿੰਘ 98156 29301