ਫੀਲਡ ਮੁਲਾਜ਼ਮਾਂ ਦੀਆਂ ਭਖਮੀਆਂ ਮੰਗਾਂ ਸਬੰਧੀ 21 ਜਨਵਰੀ ਨੂੰ ਮਿਲੇਗਾ ਵਫ਼ਦ ,ਤਾਲਮੇਲ ਸੰਘਰਸ਼ ਕਮੇਟੀ
ਮੋਰਿੰਡਾ ,14, ਜਨਵਰੀ, ਦੇਸ਼ ਕਲਿੱਕ ਬਿਓਰੋ :
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸੈਂਕੜੇ ਦਰਜਾ ਚਾਰ ਮੁਲਾਜ਼ਮ ਨਿਯੁਕਤੀ ਪੋਸਟ ਤੇ ਹੀ ਸੇਵਾ ਮੁਕਤ ਹੋ ਜਾਣ ਲਈ ਮਜਬੂਰ ਹਨ। ਜਦੋਂ ਕਿ ਸਬੰਧਤ ਵਿਭਾਗ ਵਿੱਚ ਨਿਯੁਕਤ ਹੋਇਆ ਇਕ ਉਪ ਮੰਡਲ ਇੰਜੀਨੀਅਰ ਮੁੱਖ ਇੰਜੀਨੀਅਰ ਦੀ ਪੋਸਟ ਤੇ ਸੇਵਾ ਮੁਕਤ ਹੋ ਜਾਂਦਾ ਹੈ। ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਮਹਿਮਾ ਸਿੰਘ ਧਨੌਲਾ ,ਮਨਜੀਤ ਸਿੰਘ ਸੰਗਤਪੁਰਾ ਕੋ ਕਨਵੀਨਰ ਮਲਾਗਰ ਸਿੰਘ ਖਮਾਣੋ, ਬਿੱਕਰ ਸਿੰਘ ਮਾਖਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ 2021 ਤੋਂ ਪਹਿਲਾਂ ਡਰਾਫਟ ਰੂਲਾਂ ਅਨੁਸਾਰ ਦਰਜਾ ਚਾਰ ਮੁਲਾਜ਼ਮਾਂ ਦੀਆਂ 50-50 ਪਰਸੈਂਟ ਖਾਲੀ ਪੋਸਟਾਂ ਤੇ ਪ੍ਰਮੋਸ਼ਨਾਂ ਕੀਤੀਆਂ ਜਾਂਦੀਆਂ ਸਨ। ਜਿਨਾਂ ਦੀ ਰਫਤਾਰ ਜੂ ਦੀ ਤੋਰ ਬਰਾਬਰ ਸੀ, ਲੰਬੇ ਸੰਘਰਸ਼ ਤੋਂ ਬਾਅਦ ਵਿਭਾਗ ਨੇ ਮਾਰਚ 2021 ਵਿੱਚ ਵਿਭਾਗੀ ਨਿਯਮ ਬਣਾਏ ,ਜੋ ਫੀਲਡ ਮੁਲਾਜ਼ਮਾਂ ਦੇ ਵਿਰੋਧੀ ਸਾਬਤ ਹੋਏ ਹਨ।ਇਸ ਮੁਤਾਬਕ ਪ੍ਰਮੋਸ਼ਨਾਂ ਤਾਂ ਕੀ ਕਰਨੀਆਂ ਸਗੋਂ ਇੱਕ ਅਨਪੜ ਦਰਜਾ ਚਾਰ ਮੁਲਾਜ਼ਮ ਦੇ ਤਜਰਬੇ ਨੂੰ ਅਕਾਊਂਟ ਕਰਨ ਦੀ ਬਜਾਏ ਥਾਪਰ ਕਾਲਜ ਤੋਂ ਇੰਜੀਨੀਅਰ ਦੇ ਸਿਲੇਬਸ ਪਾ ਕੇ ਮਾੜੀ ਮੋਟੀ ਪ੍ਰਮੋਸ਼ਨ ਤੋਂ ਵੀ ਵਾਂਝੇ ਕੀਤੇ ਗਏ ਹਨ। ਇਹਨਾਂ ਦੱਸਿਆ ਕਿ ਪ੍ਰਮੋਸ਼ਨਾਂ ਸਮੇਤ ਤਰਸ ਦੇ ਅਧਾਰ ਤੇ ਨੌਕਰੀਆਂ, ਪਾਵਰਾਂ ਦੀ ਸਹੀ ਵੰਡ, ਵਰਦੀਆਂ, ਜੀਪੀਐਫ, ਮੈਡੀਕਲ, 20/30/50 ਅਨੁਸਾਰ ਟੈਕਨੀਕਲ ਸਕੇਲ, ਸਕੇਲਾਂ ਦੀਆਂ ਤਰੁੱਟੀਆਂ ,ਬਰਾਬਰ ਕੰਮ ਬਰਾਬਰ ਤਨਖਾਹ ਦੇ ਬਕਾਏ, ਅਦਾਲਤੀ ਫੈਸਲਿਆਂ ਨੂੰ ਲਾਗੂ ਕਰਨ ਆਦਿ ਮੰਗਾਂ ਜਿਉਂ ਦੀ ਤੂੰ ਪਈਆਂ ਹਨ। ਇਹਨਾਂ ਦੱਸਿਆ ਕਿ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਵਿਭਾਗੀ ਮੁੱਖੀ ਸਮੇਤ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਗਏ ਹਨ। ਇਸ ਸਬੰਧੀ ਕਮੇਟੀ ਦਾ ਇੱਕ ਵਫਦ ਮਿਤੀ 21 ਜਨਵਰੀ ਨੂੰ ਵਿਭਾਗੀ ਮੁਖੀ ਨੂੰ ਮਿਲੇਗਾ ।ਇਸ ਉਪਰੰਤ ਕਮੇਟੀ ਦੀ ਮੀਟਿੰਗ ਕਰਕੇ ਸੰਘਰਸ਼ ਕਮੇਟੀ ਨੂੰ ਹੋਰ ਵਿਸਥਾਰ ਕਰਨ ਲਈ ਤੇ ਫੀਲਡ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੂੰ ਵਿਸ਼ੇਸ਼ ਅਪੀਲ ਕੀਤੀ ਜਾਵੇਗੀ। ਤਾਂ ਜੋ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਉੱਚ ਅਧਿਕਾਰੀਆਂ ਵਿਰੁੱਧ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇ ।