ਨਵੀਂ ਦਿੱਲੀ, 14 ਜਨਵਰੀ, ਦੇਸ਼ ਕਲਿੱਕ ਬਿਓਰੋ :
ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤਿਕ ਪਾਰਟੀਆਂ ਵੱਲੋਂ ਇਕ ਦੂਜੇ ਉਤੇ ਸਿਆਸੀ ਹਮਲੇ ਕੀਤੇ ਜਾ ਰਹੇ ਹਨ। ਇਨ੍ਹਾਂ ਚੋਣਾਂ ਦੇ ਪ੍ਰਚਾਰ ਵਿੱਚ ਆਮ ਆਦਮੀ ਪਾਰਟੀ ਅਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋ ਸਕਦਾ ਹੈ।
ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਆਤਿਸ਼ੀ ਖਿਲਾਫ ਦੋ ਅਲੱਗ ਅਲੱਗ ਐਫਆਈਆਰ ਦਰਜ ਕੀਤੀ ਗਈ ਹੈ। ਕੋਡ ਆਫ ਕੰਡਕਟ ਦੇ ਦੋਸ਼ ਵਿੱਚ ਰਿਟਰਨਿੰਗ ਅਫਸਰ ਨੇ ਮੁੱਖ ਮੰਤਰੀ ਆਤਿਸ਼ੀ ਖਿਲਾਫ ਐਫਆਈਆਰ ਦਰਜ ਕਰਵਾਈ ਹੈ। ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨਿੱਜੀ ਦਫ਼ਤਰ ਲਈ ਸਰਕਾਰੀ ਵਹੀਕਲ ਦੀ ਵਰਤੋਂ ਕੀਤੀ।
ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਚੋਣਾਂ ਦੇ ਐਲਾਨ ਤੋਂ ਬਾਅਦ 7 ਜਨਵਰੀ ਨੂੰ ਕਰੀਬ 2.30 ਵਜੇ ਪੀਡਬਲਿਊਡੀ ਦੇ ਸਰਕਾਰੀ ਵਾਹਨ, ਨਿੱਜੀ ਚੋਣ ਦਫ਼ਤਰ ਉਤੇ ਪ੍ਰਚਾਰ ਨਾਲ ਜੁੜੇ ਕੰਮ ਲਈ ਵਰਤੋਂ ਕੀਤੇ ਜਾ ਰਹੇ ਸਨ। ਆਤਿਸ਼ੀ ਦੀ ਵਿਧਾਨ ਸਭਾ ਸੀਟ ਕਾਲਕਾਜੀ ਦੇ ਰਹਿਣ ਵਾਲੇ ਕੇ ਐਸ ਦੁਗਲ ਨੇ ਗੋਵਿੰਦਪੁਰੀ ਐਸਐਚਓ ਨੂੰ ਵੀ ਸ਼ਿਕਾਇਤ ਦਿੱਤੀ ਹੈ। ਦੂਜੇ ਪਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਫੋਟੋਆਂ ਅਤੇ ਵੀਡੀਓ ਪੋਸਟ ਕਰਨ ਦੇ ਦੋਸ਼ ਵਿੱਚ ‘ਆਪ’ ਦੇ ਖਿਲਾਫ ਭਾਜਪਾ ਨੇ ਸ਼ਿਕਾਇਤ ਦਰਜ ਕਰਵਾਈ ਹੈ। ਦਿੱਲੀ ਦੇ ਨਾਰਥ ਐਵਨਿਊ ਥਾਣੇ ਵਿੱਚ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ।