ਚੰਡੀਗੜ੍ਹ, 14 ਜਨਵਰੀ, ਦੇਸ਼ ਕਲਿਕ ਬਿਊਰੋ :
ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ (61) ਅਤੇ ਗਾਇਕ ਰੌਕੀ ਮਿੱਤਲ ਖ਼ਿਲਾਫ਼ ਸਮੂਹਿਕ ਬਲਾਤਕਾਰ ਦੀ ਐਫਆਈਆਰ ਦਰਜ ਕੀਤੀ ਗਈ ਹੈ। ਇਹ ਮਾਮਲਾ 13 ਦਸੰਬਰ 2024 ਨੂੰ ਹਿਮਾਚਲ ਦੇ ਕਸੌਲੀ ਥਾਣੇ ਵਿੱਚ ਦਰਜ ਕੀਤਾ ਗਿਆ ਸੀ। ਜਿਸ ਦੀ ਜਾਣਕਾਰੀ ਹੁਣ ਜਨਤਕ ਹੋ ਗਈ ਹੈ। ਦਿੱਲੀ ਦੀ ਰਹਿਣ ਵਾਲੀ ਇੱਕ ਔਰਤ ਨੇ ਦੋਸ਼ ਲਾਇਆ ਹੈ ਕਿ ਕਸੌਲੀ ਦੇ ਇੱਕ ਹੋਟਲ ਵਿੱਚ ਉਸ ਨੂੰ ਜ਼ਬਰਦਸਤੀ ਸ਼ਰਾਬ ਪਿਲਾਈ ਗਈ ਅਤੇ ਬਲਾਤਕਾਰ ਕੀਤਾ ਗਿਆ।
ਇਸ ਦੇ ਲਈ ਰੌਕੀ ਮਿੱਤਲ ਨੇ ਉਸਨੂੰ ਆਪਣੀ ਐਲਬਮ ਵਿੱਚ ਇੱਕ ਅਭਿਨੇਤਰੀ ਵਜੋਂ ਕੰਮ ਕਰਨ ਦਾ ਲਾਲਚ ਦਿੱਤਾ ਅਤੇ ਬਡੋਲੀ ਨੇ ਉਸਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਲਾਲਚ ਦਿੱਤਾ। ਬਲਾਤਕਾਰ ਤੋਂ ਬਾਅਦ ਉਸ ਨੂੰ ਧਮਕੀਆਂ ਦੇ ਕੇ ਕਮਰੇ ਤੋਂ ਬਾਹਰ ਸੁੱਟ ਦਿੱਤਾ ਗਿਆ। ਉਸ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਵੀ ਬਣਾਈਆਂ ਗਈਆਂ। ਇਸ ਤੋਂ ਬਾਅਦ ਪੰਚਕੂਲਾ ਵਿੱਚ ਉਸ ਨੂੰ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਬਡੋਲੀ ਅਤੇ ਰੌਕੀ ‘ਤੇ ਆਈਪੀਸੀ ਦੀ ਧਾਰਾ 376 ਡੀ ਅਤੇ 506 ਲਗਾ ਦਿੱਤੀ ਹੈ।
ਇਸ ਬਾਰੇ ਡੀਐਸਪੀ ਪਰਵਾਣੂ ਮੇਹਰ ਪੰਵਾਰ ਨੇ ਦੱਸਿਆ ਕਿ ਪੁਲੀਸ ਨੇ ਬਡੋਲੀ ਅਤੇ ਗਾਇਕ ਮਿੱਤਲ ਤੋਂ ਪੁੱਛਗਿੱਛ ਵੀ ਕੀਤੀ ਹੈ। ਮਹਿਲਾ ਨੇ ਕਿਹਾ ਹੈ ਕਿ ਉਸ ਦਾ ਜਿਨਸੀ ਸ਼ੋਸ਼ਣ ਕਸੌਲੀ ‘ਚ ਹੋਇਆ ਸੀ।