ਮਹਾਕੁੰਭ ਦਾ ਪਹਿਲਾ ਸ਼ਾਹੀ ਇਸ਼ਨਾਨ ਸ਼ੁਰੂ
ਪ੍ਰਯਾਗਰਾਜ, 14 ਜਨਵਰੀ, ਦੇਸ਼ ਕਲਿਕ ਬਿਊਰੋ :
ਮਹਾਕੁੰਭ ਦਾ ਪਹਿਲਾ ਅੰਮ੍ਰਿਤ ਇਸ਼ਨਾਨ (ਸ਼ਾਹੀ ਇਸ਼ਨਾਨ) ਸ਼ੁਰੂ ਹੋ ਗਿਆ ਹੈ।ਨਾਗਾ ਸਾਧੂ ਤਲਵਾਰ-ਤ੍ਰਿਸ਼ੂਲ, ਹੱਥਾਂ ਵਿੱਚ ਡਮਰੂ ਸਰੀਰ ‘ਤੇ ਸੁਆਹ ਮਲ ਕੇ ਤੇ ਘੋੜੇ-ਊਠ ਅਤੇ ਰੱਥ ਦੀ ਸਵਾਰੀ ਕਰਦਿਆਂ ਪਹੁੰਚ ਰਹੇ ਹਨ। 2000 ਨਾਗਾ ਸਾਧੂ ਹਰ-ਹਰ ਮਹਾਦੇਵ ਦਾ ਜਾਪ ਕਰਦੇ ਹੋਏ ਸੰਗਮ ‘ਚ ਪਹੁੰਚੇ ਹਨ।
ਸਭ ਤੋਂ ਪਹਿਲਾਂ ਪੰਚਾਇਤੀ ਨਿਰਵਾਣੀ ਅਖਾੜੇ ਦੇ ਸਾਧੂ ਇਸ਼ਨਾਨ ਲਈ ਆਏ। ਉਪਰੰਤ 13 ਅਖਾੜਿਆਂ ਦੇ ਸੰਤ ਇੱਕ-ਇੱਕ ਕਰਕੇ ਇਸ਼ਨਾਨ ਕਰਨਗੇ। ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਾਗਾ ਸਾਧੂਆਂ ਦਾ ਆਸ਼ੀਰਵਾਦ ਲੈਣ ਲਈ ਸੰਗਮ ਵਿੱਚ ਪੁੱਜੇ ਹੋਏ ਹਨ।
ਸਾਰੇ 13 ਅਖਾੜਿਆਂ ਨੂੰ ਅੰਮ੍ਰਿਤ ਇਸਨਾਨ ਲਈ 30-40 ਮਿੰਟ ਦਾ ਸਮਾਂ ਦਿੱਤਾ ਗਿਆ ਹੈ। ਸੰਸਾਰ ਭਰ ਤੋਂ ਮੀਡੀਆ ਅਤੇ 50 ਤੋਂ ਵੱਧ ਦੇਸ਼ਾਂ ਦੇ ਸ਼ਰਧਾਲੂ ਸੰਗਮ ਵਿੱਚ ਪਹੁੰਚੇ ਹੋਏ ਹਨ। ਭੀੜ ਨੂੰ ਸੰਭਾਲਣ ਲਈ 60 ਹਜ਼ਾਰ ਪੁਲਿਸ ਮੁਲਾਜ਼ਮ ਅਤੇ ਅਰਧ ਸੈਨਿਕ ਬਲਾਂ ਦੇ ਜਵਾਨ ਤਾਇਨਾਤ ਹਨ। ਪ੍ਰਯਾਗਰਾਜ ‘ਚ ਵਾਹਨਾਂ ਦੇ ਦਾਖਲੇ ‘ਤੇ ਰੋਕ ਲਗਾ ਦਿੱਤੀ ਗਈ ਹੈ।