ਮਾਮਲਾ PTI ਅਤੇ ਆਰਟ ਕਰਾਫਟ ਦੀ ਤਨਖਾਹ ਕਟੌਤੀ ਦਾ: DTF ਵੱਲੋਂ ਅਮਨ ਅਰੋੜਾ ਦੀ ਕੋਠੀ ਅੱਗੇ ਸੰਕੇਤਕ ਧਰਨਾ 

Punjab

— ਮਾਮਲਾ: ਪੀਟੀਆਈ ਅਤੇ ਆਰਟ ਕਰਾਫਟ ਦੀ ਤਨਖਾਹ ਕਟੌਤੀ ਦਾ —-

ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਸੰਕੇਤਕ ਧਰਨਾ 

‘ਆਪ’ ਪ੍ਰਧਾਨ ਅਮਨ ਅਰੋੜਾ ਵੱਲੋਂ ਡੀ.ਟੀ.ਐੱਫ. ਨੂੰ ਦਿੱਤੇ ਭਰੋਸੇ ਲਾਗੂ ਕਰਵਾਉਣ ਲਈ ਸੌਂਪਿਆ ‘ਯਾਦ ਪੱਤਰ’

ਸੁਨਾਮ ਪ੍ਰਸ਼ਾਸਨ ਵੱਲੋਂ ਡੀਟੀਐੱਫ ਨੂੰ 15 ਜਨਵਰੀ ਲਈ ਦਿੱਤਾ ਮੀਟਿੰਗ ਦਾ ਸੱਦਾ

ਦਲਜੀਤ ਕੌਰ 

ਸੁਨਾਮ ਊਧਮ ਸਿੰਘ ਵਾਲਾ, 14 ਜਨਵਰੀ, 2025: ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਰੋਸ ਮਾਰਚ ਕਰਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਸਬ ਕਮੇਟੀ ਮੈਂਬਰ ਅਮਨ ਅਰੋੜਾ ਦੀ ਰਿਹਾਇਸ਼ ਕਮ ਦਫ਼ਤਰ ਵਿਖੇ ‘ਯਾਦ ਪੱਤਰ’ ਦੇਣ ਪਹੁੰਚੇ ਅਤੇ ਪੀ.ਟੀ.ਆਈ. ਤੇ ਆਰਟ ਕਰਾਫਟ ਅਧਿਆਪਕਾਂ ਦੀ ਤਨਖ਼ਾਹ ਰਿਕਵਰੀ ਅਤੇ ਕਟੌਤੀ ਕਰਨ ਦਾ ਪੱਤਰ ਵਾਪਿਸ ਲੈਣ ਸੰਬੰਧੀ ਸ੍ਰੀ ਅਰੋੜਾ ਅਤੇ ਕੈਬਨਿਟ ਸਬ ਕਮੇਟੀ ਵੱਲੋਂ ਜਥੇਬੰਦੀ ਨੂੰ ਦਿੱਤਾ ਭਰੋਸਾ ਨਾ ਲਾਗੂ ਹੋਣ ‘ਤੇ ਰੋਸ ਜਤਾਉਂਦੇ ਹੋਏ ਸੰਕੇਤਕ ਧਰਨਾ ਦਿੱਤਾ ਗਿਆ। ਇਸ ਮੌਕੇ ਸੁਨਾਮ ਪ੍ਰਸ਼ਾਸਨ ਵੱਲੋਂ ਡੀਟੀਐੱਫ ਦੀ ਕੱਲ੍ਹ 15 ਜਨਵਰੀ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਤੈਅ ਕਰਵਾਈ ਜਿਸ ਤੋਂ ਅਧਿਆਪਕ ਸ਼ਾਂਤ ਹੋਏ ਅਤੇ ਉਨ੍ਹਾਂ ਆਪਣਾ ਧਰਨਾ ਖ਼ਤਮ ਕਰ ਦਿੱਤਾ।

ਇਸ ਮੌਕੇ ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਅਮੋਲਕ ਡੇਲੂਆਣਾ ਜਿਲ੍ਹਾ ਪ੍ਰਧਾਨ ਮਾਨਸਾ, ਸੂਬਾ ਕਮੇਟੀ ਮੈਂਬਰ ਰਾਜਿੰਦਰ ਮੂਲੋਵਾਲ, ਦਲਜੀਤ ਸਫ਼ੀਪੁਰ ਅਤੇ ਜਸਵੀਰ ਸਿੰਘ ਭੱਮਾ ਨੇ ਦੱਸਿਆ ਕਿ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਵੱਲੋਂ ਮਿਤੀ 8-11-2024 ਨੂੰ ਜਾਰੀ ਇੱਕ ਮਾਰੂ ਪੱਤਰ ਦੇ ਹਵਾਲੇ ਨਾਲ ਪੀਟੀਆਈ ਅਤੇ ਆਰਟ ਕਰਾਫਟ ਅਧਿਆਪਕਾਂ ਦੀ ਤਨਖ਼ਾਹ ਰਵਿਜ਼ਨ ਅਤੇ ਰਿਕਵਰੀ ਕਰਨ ਦਾ ਫੈਸਲਾ ਸੁਣਾਇਆ ਗਿਆ ਸੀ। ਇਸ ਮਾਮਲੇ ਦੇ ਵਿਰੋਧ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਵੱਲੋਂ 15 ਦਸੰਬਰ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ (ਪੰਜਾਬ ਪ੍ਰਧਾਨ ‘ਆਪ’) ਦੀ ਰਿਹਾਇਸ਼ ਅੱਗੇ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ। ਜਿਸ ਤੋਂ ਬਾਅਦ ਅਗਲੇ ਹੀ ਦਿਨ ਸ੍ਰੀ ਅਰੋੜਾ ਨਾਲ ਜਥੇਬੰਦੀ ਦੀ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਮੌਕੇ ‘ਤੇ ਸਿੱਖਿਆ ਮੰਤਰੀ ਨਾਲ ਫੋਨ ‘ਤੇ ਗੱਲ ਕਰਨ ਉਪਰੰਤ ਇਸ ਫੈਸਲੇ ‘ਤੇ ਰੋਕ ਲਗਾਉਣ ਦਾ ਭਰੋਸਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ 8 ਜਨਵਰੀ ਨੂੰ ਡੀ.ਟੀ.ਐੱਫ. ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਬਣੀ ਕੈਬਨਿਟ ਸਬ ਕਮੇਟੀ ਨਾਲ ਹੋਈ ਮੀਟਿੰਗ ਵਿੱਚ ਵੀ ਇਹ ਮਾਮਲਾ ਜੋਰ ਸ਼ੋਰ ਨਾਲ ਰੱਖਿਆ ਗਿਆ। ਇਸ ਮੀਟਿੰਗ ਵਿੱਚ ਸ੍ਰੀ ਚੀਮਾ ਵੱਲੋਂ ਮੌਕੇ ‘ਤੇ ਸਕੂਲ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੂੰ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਰਿਕਵਰੀ ਜਾਂ ਤਨਖ਼ਾਹ ਰਵਿਜ਼ਨ ਕਰਨ ਤੋਂ ਵਰਜਿਆ ਸੀ ਅਤੇ ਸਿੱਖਿਆ ਵਿਭਾਗ ਨੂੰ ਆਪਣੇ ਪੱਧਰ ‘ਤੇ ਤੁਰੰਤ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਸਨ। 

ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਸਮੁੱਚੀ ਕੈਬਨਿਟ ਸਬ ਕਮੇਟੀ ਵੱਲੋਂ ਭਰੋਸਾ ਦੇਣ ਦੇ ਬਾਵਜੂਦ ਸਿੱਖਿਆ ਵਿਭਾਗੀ ਵੱਲੋਂ ਇਸ ਅਸਪਸ਼ਟ ਅਤੇ ਗੈਰ ਵਾਜਿਬ ਪੱਤਰ ਦੇ ਅਧਾਰ ‘ਤੇ ਹੀ ਜਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁੱਖੀਆਂ ਨੂੰ ਪੀਟੀਆਈ ਅਤੇ ਆਰਟ ਕਰਾਫਟ ਅਧਿਆਪਕਾਂ ਨੂੰ ਭਾਰੀ ਰਿਕਵਰੀਆਂ ਅਤੇ ਤਨਖ਼ਾਹ ਰਵਿਜ਼ਨ ਕਰਕੇ ਤਨਖ਼ਾਹ ਕਟੌਤੀ ਕਰਨ ਦੇ ਨਾਦਰਸ਼ਾਹੀ ਫ਼ਰਮਾਨ ਜਾਰੀ ਕੀਤੇ ਜਾ ਰਹੇ ਹਨ ਅਤੇ ਇਸ ਪੱਤਰ ‘ਤੇ ਰੋਕ ਲਗਾਉਣ ਦੇ ਭਰੋਸਿਆਂ ਨੂੰ ਹਕੀਕੀ ਤੌਰ ‘ਤੇ ਲਾਗੂ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹਜਾਰਾਂ ਅਧਿਆਪਕਾਂ ਨੂੰ ਮਾਨਸਿਕ ਤੌਰ ‘ਤੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਸਭ ਦੇ ਮੱਦੇਨਜ਼ਰ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੇ ਸੱਦੇ ‘ਤੇ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਸੰਗਰੂਰ, ਮਾਨਸਾ ਅਤੇ ਬਰਨਾਲਾ ਜਿਲ੍ਹਿਆਂ ਤੋਂ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਸੁਨਾਮ ਪਹੁੰਚੇ ਵੱਡੀ ਗਿਣਤੀ ਪੀਟੀਆਈ ਅਤੇ ਆਰਟ ਕਰਾਫਟ ਅਧਿਆਪਕਾਂ ਨੇ ਪੰਜਾਬ ਸਰਕਾਰ ਤੋਂ ਸਿੱਖਿਆ ਵਿਭਾਗੀ ਵੱਲੋਂ ਜਾਰੀ ਕੀਤੇ ਅਧਿਆਪਕ ਵਿਰੋਧੀ ਫੈਸਲੇ ਨੂੰ ਰੋਕਣ ਦਾ ਲਿਖਤੀ ਪੱਤਰ ਫੌਰੀ ਜਾਰੀ ਕਰਨ ਦੀ ਮੰਗ ਕੀਤੀ।

ਇਸ ਮੌਕੇ ਬਲਵਿੰਦਰ ਸਿੰਘ ਸਤੌਜ, ਗੁਰਦੀਪ ਸਿੰਘ ਚੀਮਾ, ਗੁਰਦਾਸ ਗੁਰਨੇ, ਗੁਰਵਿੰਦਰ ਸਿੰਘ, ਏਡਿਡ ਸਕੂਲ ਸਟਾਫ਼ ਯੂਨੀਅਨ ਤੋਂ ਚਰਨਜੀਤ ਸ਼ਰਮਾਂ, ਅਵਤਾਰ ਸਿੰਘ ਤੋਂ ਇਲਾਵਾ ਲਵਲੀਨ ਸਿੰਘ, ਅਮਨਦੀਪ ਮਿੱਤਲ, ਅਮਨਿੰਦਰ ਸਿੰਘ, ਹਰਪ੍ਰੀਤ ਸਿੰਘ, ਨਿਤੇਸ ਬੁਢਲਾਡਾ, ਗੁਰਸੇਵਕ ਸਮਾਉ, ਸੰਦੀਪ ਮਾਨਸਾ, ਲੱਖਾ ਮਾਨਸਾ, ਜਸਵੀਰ ਮਾਨਸਾ, ਖੇਤਾ ਮਾਨਸਾ, ਗੁਰਮੀਤ ਮਾਨਸਾ, ਸੁਰਜੀਤ ਮਾਨਸਾ, ਅਜੇ ਕੁਮਾਰ, ਗੁਰਜੀਤ ਸਿੰਘ ਆਦਿ ਮੌਜੂਦ ਰਹੇ।

Published on: ਜਨਵਰੀ 14, 2025 8:46 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।