ਲੋਹੜੀ ਸਾਡੇ ਸੱਭਿਆਚਾਰ ਅਤੇ ਵਿਰਸੇ ਦਾ ਅਨਿੱਖੜਵਾਂ ਅੰਗ-ਚਰਨਜੀਤ ਸਿੰਘ ਅੱਕਾਂਵਾਲੀ
ਸਰਕਾਰੀ ਆਈ. ਟੀ .ਆਈ. ਮਾਨਸਾ ਵਿਖੇ ਲੋਹੜੀ ਮਨਾ ਕੇ ਸਿਖਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ
ਮਾਨਸਾ, 14 ਜਨਵਰੀ: ਦੇਸ਼ ਕਲਿੱਕ ਬਿਓਰੋ
ਸਰਕਾਰੀ ਆਈ. ਟੀ .ਆਈ.ਮਾਨਸਾ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਜਿੱਥੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰ. ਚਰਨਜੀਤ ਸਿੰਘ ਅੱਕਾਂਵਾਲੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਸ੍ਰ. ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਲੋਹੜੀ ਸਾਡੇ ਸੱਭਿਆਚਾਰ ਅਤੇ ਵਿਰਸੇ ਦਾ ਅਨਿੱਖੜਵਾਂ ਅੰਗ ਹੈ। ਇਸ ਦਿਨ ਸਾਰੇ ਪਰਿਵਾਰ ਵੱਲੋਂ ਮਿਲ ਕੇ ਬੈਠਣ ਅਤੇ ਖੁਸ਼ੀ ਮਨਾਉਣ ਨਾਲ ਪਰਿਵਾਰਕ ਸਾਂਝ ਦਾ ਸੁਨੇਹਾ ਸਮਾਜ ਵਿਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਮੁੰਡਿਆਂ ਵਾਂਗ ਕੁੜੀਆਂ ਦੀ ਵੀ ਲੋਹੜੀ ਮਨਾਉਣ ਲੱਗੇ ਹਨ ਜੋ ਕਿ ਮੁੰਡੇ ਅਤੇ ਕੁੜੀਆਂ ਵਿਚ ਸਮਾਨਤਾ ਦਾ ਪ੍ਰਤੀਕ ਹੈ।
ਇਸ ਮੌਕੇ ਸੰਸਥਾ ਦੇ ਮੁਖੀ ਸ੍ਰ. ਗੁਰਮੇਲ ਸਿੰਘ ਮਾਖਾ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਇਲਾਕੇ ਦੀਆਂ ਵੱਖ ਵੱਖ ਸਖਸ਼ੀਅਤਾਂ ਨੂੰ ਜੀ ਆਇਆ ਕਿਹਾ। ਸੰਸਥਾ ਦੇ ਆਈ .ਐਮ. ਸੀ.ਦੇ ਚੈਅਰਮੈਨ ਸਰਦਾਰ ਰੂਪ ਸਿੰਘ ਨੇ ਕਿਹਾ ਕਿ ਸੰਸਥਾ ਵਿਚ ਲੋਹੜੀ ਦਾ ਤਿਉਹਾਰ ਸਿਖਿਆਰਥੀਆਂ ਵਿਚ ਆਪਸੀ ਮਿਲਵਰਤਨ ਅਤੇ ਖੁਸ਼ਹਾਲੀ ਨੂੰ ਦਰਸਾਉਂਦਾ ਹੈ।
ਇਸ ਮੌਕੇ ਸਿਖਿਆਰਥੀਆਂ ਵੱਲੋਂ ਲੋਹੜੀ ਨਾਲ ਸਬੰਧਤ ਭਾਸ਼ਣ, ਗੀਤ ਅਤੇ ਗਿੱਧੇ ਰਾਹੀਂ ਸਾਰਿਆਂ ਨੂੰ ਲੋਹੜੀ ਦੇ ਤਿਉਹਾਰ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ। ਇਸ ਉਪਰੰਤ ਸੰਸਥਾ ਦੀ ਆਈ.ਐਮ. ਸੀ. ਦੇ ਚੈਅਰਮੈਨ, ਕਮੇਟੀ ਮੈਂਬਰ, ਸਟਾਫ, ਅਤੇ ਸਾਰੇ ਸਿਖਿਆਰਥੀਆਂ ਨੇ ਮਿਲਕੇ ਸੰਸਥਾ ਦੇ ਗਰਾਊਂਡ ਵਿੱਚ ਲੋਹੜੀ ਬਾਲੀ ਤੇ ਤਿਲ ਸੁੱਟ ਕੇ ਇਸ ਪਵਿੱਤਰ ਤਿਉਹਾਰ ਦੀ ਸ਼ੁਰੂਆਤ ਕੀਤੀ। ਮੂੰਗਫਲੀ ਅਤੇ ਰਿਊੜੀਆਂ ਵੰਡਦਿਆ ਇੱਕ ਦੂਸਰੇ ਨੂੰ ਸ਼ੁਭ-ਇਛਾਵਾਂ ਦਿੱਤੀਆਂ ਗਈਆਂ।
ਇਸ ਮੌਕੇ ਮੁੱਖ ਖੇਤਬਾੜੀ ਅਫ਼ਸਰ ਹਰਪ੍ਰੀਤਪਾਲ ਕੌਰ ਨੇ ਕਿਹਾ ਕਿ ਇਹ ਤਿਉਹਾਰ ਨਾਲ ਬਹੁਤ ਸਾਰੀਆਂ ਲੋਕ-ਕਥਾਵਾਂ ਜੁੜੀਆਂ ਹੋਈਆਂ ਹਨ ਜੋ ਸਾਨੂੰ ਨੇਕ ਕੰਮ ਕਰਨ ਲਈ ਪ੍ਰੇਰਿਤ ਕਰਦੀਆਂ ਹਨ।
ਇਸ ਮੌਕੇ ਸ੍ਰ ਰਵਿੰਦਰ ਸਿੰਘ ਜ਼ਿਲ੍ਹਾ ਰੋਜਗਾਰ ਅਫ਼ਸਰ, ਸ੍ਰ ਬਸੰਤ ਸਿੰਘ, ਪਰਮਜੀਤ ਸਿੰਘ, ਨਿਰਮਲ ਸਿੰਘ(ਸਾਰੇ ਆਈ. ਐਮ.ਸੀ. ਮੈਂਬਰ), ਸ੍ਰੀ ਗੌਰਵ ਪਲੇਸਮੇਂਟ ਅਫ਼ਸਰ, ਡਾ ਹਰਬੰਸ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ, ਸਮੁੱਚਾ ਸਟਾਫ ਅਤੇ ਸਿਖਿਆਰਥੀ ਹਾਜ਼ਰ ਸਨ।