* ਸਮੇਂ ਸਿਰ ਤਰੱਕੀਆਂ ਨੂੰ ਹਰੇਕ ਪੁਲਿਸ ਅਧਿਕਾਰੀ ਦਾ ਹੱਕ- ਗਗਨ ਅਜੀਤ ਸਿੰਘ
· ਕਿਹਾ, ਸਾਹਿਬ ਦੀਨ ਨੇ ਜਿਲ੍ਹਾ ਪੁਲਿਸ ਦਫਤਰ ਦੇ ਕੰਮ-ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਿਭਾਈ ਭੂਮਿਕਾ ਬਹੁਤ ਹੀ ਅਹਿਮ
ਮਾਲੇਰਕੋਟਲਾ 14 ਜਨਵਰੀ : ਦੇਸ਼ ਕਲਿੱਕ ਬਿਓਰੋ
ਮਿਹਨਤ,ਲਗਨ,ਇਮਾਨਦਾਰੀ ਅਤੇ ਸੁਚਾਰੂ ਕਾਰਜਕੁਸ਼ਲਤਾ ਸਦਕਾ ਸਹਾਇਕ ਥਾਣੇਦਾਰ ਸਾਹਿਬ ਦੀਨ ਨੂੰ ਸੀਨੀਅਰ ਕਪਤਾਨ ਪੁਲਿਸ,ਮਾਲੇਰਕੋਟਲਾ ਗਗਨ ਅਜੀਤ ਸਿੰਘ ਦੀ ਸਿਫਾਰਸ਼ ਦੇ ਆਧਾਰ ਤੇ ਡਾਇਰੈਕਟਰ ਜਨਰਲ ਪੁਲਿਸ,ਪੰਜਾਬ ਗੌਰਵ ਯਾਦਵ ਵਲੋਂ ਸਬ-ਇੰਸਪੈਕਟਰ ਦਾ ਰੈਂਕ ਪ੍ਰਦਾਨ ਕੀਤਾ ਗਿਆ ।
ਸਮੇਂ ਸਿਰ ਤਰੱਕੀਆਂ ਨੂੰ ਹਰੇਕ ਪੁਲਿਸ ਅਧਿਕਾਰੀ ਦਾ ਹੱਕ ਦੱਸਦਿਆਂ ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮੁੱਖ ਕਲਰਕ ਵਜੋਂ ਸੇਵਾ ਨਿਭਾ ਰਹੇ ਸਹਾਇਕ ਥਾਣੇਦਾਰ ਸਾਹਿਬ ਦੀਨ(ਹੁਣ ਸਬ-ਇੰਸਪੈਕਟਰ)ਤੋਂ ਪਰੇਨਾ ਲੈਣੀ ਚਾਹੀਦੀ ਹੈ ਅਤੇ ਆਪਣੀ ਡਿਊਟੀ ਸ਼ਪਰਪਣ ਦੀ ਭਾਵਨਾ ਨਾਲ ਨਿਭਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਉਨ੍ਹਾਂ ਪਦਉੱਨਤ ਕਰਮਚਾਰੀ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਮੇਰੇ ਸਾਥੀ ਕਰਮਚਾਰੀਆਂ ਨੂੰ ਸਮੇਂ ਸਿਰ ਤਰੱਕੀ ਦੇਣਾ ਮੇਰੀ ਪ੍ਰਮੁੱਖ ਤਰਜੀਹ ਹੈ, ਜਿਸ ਨਾਲ ਨਾ ਸਿਰਫ ਫੋਰਸ ਦਾ ਮਨੋਬਲ ਵਧੇਗਾ ਬਲਕਿ ਪੰਜਾਬ ਪੁਲਿਸ ਦੇ ਵੱਖ-ਵੱਖ ਵਿੰਗਾਂ ਵਿੱਚ ਸੁਪਰਵਾਈਜ਼ਰੀ ਪੱਧਰ ‘ਤੇ ਸਟਾਫ ਦੀ ਕਮੀ ਵੀ ਦੂਰ ਹੋਵੇਗੀ।
ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਵੱਲੋਂ ਜਿਲ੍ਹਾ ਪੁਲਿਸ ਦਫਤਰ ਵਿਖੇ ਇਸ ਕਰਮਚਾਰੀ ਦੇ ਸਟਾਰ ਲਗਾਕੇ ਬਤੌਰ ਸਬ-ਇੰਸਪੈਕਟਰ ਤਰੱਕੀਯਾਬ ਕੀਤਾ ਗਿਆ । ਇਸ ਮੌਕੇ ਕਪਤਾਨ ਪੁਲਿਸ (ਸਥਾਨਕ) ਸਵਰਨਜੀਤ ਕੌਰ, ਮਾਲੇਰਕੋਟਲਾ, ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਵੈਭਵ ਸਹਿਗਲ, ਉਪ ਕਪਤਾਨ ਪੁਲਿਸ (ਸਥਾਨਕ) ਮਾਨਵਜੀਤ ਸਿੰਘ ਸਿੱਧੂ, ਉਪ ਕਪਤਾਨ ਪੁਲਿਸ (ਸਪੈਸ਼ਲ) ਰਣਜੀਤ ਸਿੰਘ ਵੀ ਮੌਜੂਦ ਸਨ।