ਨਗਰ ਕੌਂਸਲ ਮੋਰਿੰਡਾ ਦੇ ਕੱਚੇ ਸਫਾਈ ਮੁਲਾਜ਼ਮਾਂ ਵੱਲੋਂ ਪੱਕੇ ਕਰਨ ਨੂੰ ਲੈਕੇ ਕੀਤੀ ਹੜਤਾਲ
ਮੋਰਿੰਡਾ 15 ਜਨਵਰੀ ( ਭਟੋਆ )
ਨਗਰ ਕੌਂਸਲ ਮੋਰਿੰਡਾ ਦੇ ਕੱਚੇ ਸਫਾਈ ਮੁਲਾਜ਼ਮਾਂ ਵੱਲੋਂ ਪੱਕੇ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਕੌਂਸਲ ਦੇ ਕਾਰਜ ਸਾਰੇ ਅਧਿਕਾਰੀ ਦੇ ਦਫਤਰ ਅੱਗੇ ਹੜਤਾਲ ਕੀਤੀ ਗਈ ਅਤੇ ਪੰਜਾਬ ਸਰਕਾਰ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਨੀਲਮ ਰਾਣੀ , ਵੀਨਾ ਰਾਣੀ ,ਪਿੰਕੀ ,ਅਤੇ ਲਖਬੀਰ ਸਿੰਘ ਦੱਸਿਆ ਕਿ ਉਹ ਨਗਰ ਕੌਂਸਲ ਮੋਰਿੰਡਾ ਵਿੱਚ ਬਤੌਰ ਸਫਾਈ ਸੇਵਕ 25 ਸਾਲਾਂ ਤੋਂ ਵੱਧ ਸਮੇਂ ਤੋ ਨਿਗੂਣੀਆਂ ਤਨਖਾਹਾਂ ਤੇ ਸੇਵਾਵਾਂ ਨਿਭਾਅ ਰਹੇ ਹਨ ਪ੍ਰੰਤੂ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਉਹਨਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ । ਉਹਨਾਂ ਦੋਸ਼ ਲਾਇਆ ਕਿ ਜਦੋ ਇਸ ਮੰਗ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਾਲ ਗੱਲਬਾਤ ਕਰਕੇ ਮੰਗ ਨਾ ਮੰਨੇ ਜਾਣ ਦੀ ਸੂਰਤ ਵਿੱਚ ਹੜਤਾਲ ਕਰਨ ਲਈ ਦੱਸਿਆ ਗਿਆ ਤਾਂ ਉਨਾ ਸਫਾਈ ਕਾਮਿਆਂ ਨਾਲ ਬਹੁਤ ਬੇਹੂਦਗੀ ਨਾਲ ਗੱਲਬਾਤ ਕਰਦਿਆਂ ਕਿਸੇ ਦੂਜੇ ਸ਼ਹਿਰ ਤੋ ਕਾਮੇ ਲਿਆ ਕੇ ਸ਼ਹਿਰ ਦੀ ਸਫਾਈ ਕਰਵਾਉਣ ਦੀ ਧਮਕੀ ਦਿੱਤੀ। ਇਨਾ ਸਫਾਈ ਕਾਮਿਆਂ ਨੇ ਦੱਸਿਆ ਕਿ ਨਗਰ ਕੌਂਸਲ ਦੇ ਕੱਚੇ ਸਫਾਈ ਕਾਮਿਆਂ ਨੂੰ ਪੱਕਾ ਕਰਨ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਸਮੇਤ ਸਾਰੇ ਕੌਂਸਲਰਾਂ ਵੱਲੋਂ ਲਿਖਤੀ ਰੂਪ ਵਿੱਚ ਨਗਰ ਕੌਂਸਲ ਦੇ ਕਾਰਜ ਸਾਰਕ ਅਫਸਰ ਨੂੰ ਪੱਤਰ ਦਿੱਤਾ ਗਿਆ ਹੈ ਜਿਸ ਤੇ ਕੋਈ ਅਮਲ ਨਾ ਹੋਣ ਕਾਰਨ ਕਾਮਿਆਂ ਨੂੰ ਹੜਤਾਲ ਤੇ ਜਾਣ ਲਈ ਮਜਬੂਰ ਹੋਣਾ ਪਿਆ ਉਹਨਾਂ ਦੱਸਿਆ ਕਿ ਜਿਸ ਠੇਕੇਦਾਰ ਨੂੰ ਸ਼ਹਿਰ ਦੀ ਸਫਾਈ ਦਾ ਠੇਕਾ ਦਿੱਤਾ ਗਿਆ ਹੈ ਉਸ ਠੇਕੇਦਾਰ ਨੂੰ ਇਹਨਾਂ ਮੁਲਾਜ਼ਮਾਂ ਨੇ ਕਦੇ ਨਹੀਂ ਦੇਖਿਆ ਅਤੇ ਨਾ ਹੀ ਉਸ ਵੱਲੋਂ ਸਫਾਈ ਮੁਲਾਜ਼ਮਾਂ ਨੂੰ ਵਰਦੀ ਬੂਟ ਦਸਤਾਨੇ ਅਤੇ ਸਫਾਈ ਕੇ ਮੁਹਈਆ ਕਰਵਾਈ ਜਾ ਰਹੀ ਹੈ।
ਹੜਤਾਲੀ ਸਫਾਈ ਕਾਮਿਆਂ ਨੇ ਚੇਤਾਵਨੀ ਦਿੱਤੀ ਕਿ ਮੰਗਾਂ ਦੀ ਪੂਰਤੀ ਤੱਕ ਹੜਤਾਲ ਜਾਰੀ ਰਹੇਗੀ।
ਉਧਰ ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਉਹਨਾਂ ਸਮੇਤ ਨਗਰ ਕੌਂਸਲ ਦੇ ਦਰਜਨ ਦੇ ਕਰੀਬ ਕੌਂਸਲਰਾਂ ਵੱਲੋਂ ਕਾਰਜ ਸਾਧਕ ਅਧਿਕਾਰੀ ਨੂੰ ਪੱਤਰ ਦੇ ਕੇ ਸਨੇਆਪਤਾ ਸੂਚੀ ਅਨੁਸਾਰ 15 ਸਫਾਈ ਕਾਮਿਆਂ ਨੂੰ ਪੱਕੇ ਕਰਨ ਲਈ ਲਿਖਿਆ ਗਿਆ ਹੈ ਉਹਨਾਂ ਦੱਸਿਆ ਕਿ ਇਸ ਸਬੰਧੀ ਕਾਰਜ ਸਾਧਕ ਅਧਿਕਾਰੀ ਵੱਲੋਂ ਧਿਆਨ ਵਿੱਚ ਲਿਆਂਦਾ ਗਿਆ ਕਿ ਸਾਲ 2021 ਵਿੱਚ ਇਹਨਾਂ ਨੂੰ ਸਫਾਈ ਕਾਮਿਆਂ ਨੂੰ ਮਹੱਲਾ ਸੁਧਾਰ ਕਮੇਟੀਆਂ ਵਿੱਚੋਂ ਕੱਢ ਕੇ ਕੰਟਰੈਕਟਰ ਦੇ ਲਿਆਂਦਾ ਗਿਆ ਸੀ ਅਤੇ ਸਰਕਾਰ ਦੀ ਪਾਲਸੀ ਅਨੁਸਾਰ 10 ਸਾਲ ਦੀ ਸੇਵਾ ਵਾਲੇ ਕੰਟਰੈਕਟ ਕਾਮਿਆਂ ਨੂੰ ਪੱਕਾ ਕੀਤਾ ਜਾ ਸਕਦਾ ਹੈ ਸਫਾਈ ਠੇਕੇਦਾਰ ਸਬੰਧ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਭਟੋਆ ਨੇ ਦੱਸਿਆ ਕਿ ਸਫਾਈ ਠੇਕੇਦਾਰ ਉਹਨਾਂ ਨੂੰ ਵੀ ਕਦੇ ਨਹੀਂ ਮਿਲਿਆ। ਇਸ ਮੌਕੇ ਤੇ ਕੌਸਲਰ ਰਾਜਪ੍ਰੀਤ ਸਿੰਘ ਰਾਜੀ, ਸੰਦੀਪ ਕੁਮਾਰ ਸੋਨੂ, ਹਰਜੀਤ ਸਿੰਘ ਸੋਢੀ, ਸੰਗਤ ਸਿੰਘ ਭਾਮੀਆਂ, ਵਰਿੰਦਰ ਸਿੰਘ ਵੀ ਹਾਜ਼ਰ ਸਨ।
ਜਦਕਿ ਹੜਤਾਲੀ ਕਾਮਿਆਂ ਵਿੱਚ ਹੋਰਨਾਂ ਤੋਂ ਬਿਨਾ ਭੱਪਲ, ਸੁਨੀਤਾ ਰਾਣੀ, ਰੇਖਾ, ਨਿਰਮਲ ਕੌਰ, ਰਮਾ ਰਾਣੀ , ਅਸਲਮ ,ਦੀਪਕ ਸਾਗਰ, ਵਿਜੇ ਕੁਮਾਰ, ਬਿਰਜੂ ,ਰਾਜਨ ,ਆਕਾਸ਼, ਕਮਲ, ਸੋਨੂ ,ਰਾਜਨ ਬੱਗਾ, ਅੰਮ੍ਰਿਤ ਕੌਰ ,ਸੁਰਿੰਦਰ ਕੁਮਾਰ ,ਮੰਗਤ ਰਾਮ ਸਮੇਤ ਵੱਡੀ ਗਿਣਤੀ ਵਿੱਚ ਸਫਾਈ ਕਾਮੇ ਸ਼ਾਮਿਲ ਸਨ।
ਇਸ ਸਬੰਧੀ ਸੰਪਰਕ ਕਰਨ ਤੇ ਕਾਰਜ ਸਾਧਕ ਅਧਿਕਾਰੀ ਸ੍ਰੀ ਪਰਵਿੰਦਰ ਸਿੰਘ ਭੱਟੀ ਵੱਲੋਂ ਫੋਨ ਅਟੈਂਡ ਨਹੀਂ ਕੀਤਾ ਗਿਆ ਅਤੇ ਨਾ ਹੀ ਵਟਸਅਪ ਮੈਸੇਜ ਦਾ ਕੋਈ ਜਵਾਬ ਦਿੱਤਾ ਗਿਆ । ਜਦਕਿ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਵਰਿੰਦਰ ਸਿੰਘ ਅਨੁਸਾਰ ਪੰਜਾਬ ਸਰਕਾਰ ਵੱਲੋਂ ਠੇਕਾ ਆਧਾਰ ਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਰੈਗੂਲਰ ਕਰਨ ਸਬੰਧੀ ਜਾਰੀ ਪਾਲਸੀ ਅਨੁਸਾਰ ਇਹਨਾਂ ਕਾਮਿਆਂ ਦੀ 10 ਸਾਲ ਦੀ ਸੇਵਾ ਹੋਣੀ ਜਰੂਰੀ ਹੈ , ਜਦਕਿ ਇਹਨਾਂ ਕਾਮਿਆਂ ਨੂੰ ਸਾਲ 2021 ਵਿੱਚ ਹੀ ਕੰਟਰੈਕਟ ਤੇ ਲਿਆ ਗਿਆ ਹੈ ।