ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਬਾਰੇ CM ਭਗਵੰਤ ਮਾਨ ਦਾ ਬਿਆਨ ਆਇਆ ਸਾਹਮਣੇ
ਚੰਡੀਗੜ੍ਹ, 15 ਜਨਵਰੀ, ਦੇਸ਼ ਕਲਿਕ ਬਿਊਰੋ :
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਗੁੱਟ ਨੇ ਮਾਘੀ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਕਾਨਫਰੰਸ ਦੌਰਾਨ ਆਪਣੀ ਸਿਆਸੀ ਪਾਰਟੀ ‘ਅਕਾਲੀ ਦਲ (ਵਾਰਿਸ ਪੰਜਾਬ ਦੇ)’ ਦਾ ਐਲਾਨ ਕੀਤਾ। ਹੁਣ ਇਸ ਸਬੰਧੀ ਪੰਜਾਬ ਦੇ ਸੀ.ਐਮ. ਭਗਵੰਤ ਮਾਨ ਦਾ ਪਹਿਲਾ ਪ੍ਰਤੀਕਰਮ ਸਾਹਮਣੇ ਆਇਆ ਹੈ।
ਪਟਿਆਲੇ ‘ਚ ਹੋਟਲ ਰਨਵਾਸ ਦਾ ਉਦਘਾਟਨ ਕਰਨ ਪਹੁੰਚੇ ਸੀ.ਐਮ. ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰ ਕਿਸੇ ਨੂੰ ਪਾਰਟੀ ਬਣਾਉਣ ਦਾ ਹੱਕ ਹੈ ਅਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਈ ਪਾਰਟੀਆਂ ਰਜਿਸਟਰਡ ਹਨ। ਉਹ ਅੱਗੇ ਕਿਹੜਾ ਏਜੰਡਾ ਲੈ ਕੇ ਆਉਂਦੇ ਹਨ, ਉਸ ਏਜੰਡੇ ਨੂੰ ਲੋਕ ਪਸੰਦ ਕਰਦੇ ਹਨ ਜਾਂ ਨਹੀਂ, ਇਹ ਲੋਕਾਂ ‘ਤੇ ਨਿਰਭਰ ਕਰਦਾ ਹੈ।
ਸੀ.ਐਮ. ਮਾਨ ਨੇ ਕਿਹਾ ਕਿ ਉਹ ਅਕਸਰ ਕਹਿੰਦੇ ਹਨ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ, ਇੱਥੇ ਜੋ ਵੀ ਬੀਜ ਬੀਜੋ ਉਹ ਉੱਗਦਾ ਹੈ ਪਰ ਨਫ਼ਰਤ ਦਾ ਬੀਜ ਨਹੀਂ ਉੱਗਦਾ।ਇੱਥੇ ਦੋ ਭਾਈਚਾਰਿਆਂ ਨੂੰ ਲੜਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਹਰ ਕੋਸ਼ਿਸ਼ ਅਸਫਲ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੀ ਅਗਵਾਈ ਕਰਨ ਵਾਲਾ ਸੂਬਾ ਹੈ। ਇੱਥੋਂ ਦੇ ਲੋਕ ਬਹੁਤ ਸਮਝਦਾਰ ਹਨ ਕਿਉਂਕਿ ਉਨ੍ਹਾਂ ਨੇ ਬਹੁਤ ਕੁਝ ਝੱਲਿਆ ਹੈ।