ਫ਼ਾਜ਼ਿਲਕਾ, 15 ਜਨਵਰੀ, ਦੇਸ਼ ਕਲਿਕ ਬਿਊਰੋ :
ਫਾਜ਼ਿਲਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਆਂਗਣਵਾੜੀ ਸੈਂਟਰ ਵਿੱਚ ਚੋਰੀ ਦੀ ਘਟਨਾ ਵਾਪਰੀ ਹੈ। ਚੋਰਾਂ ਨੇ ਸਕੂਲ ਅਤੇ ਆਂਗਣਵਾੜੀ ਸੈਂਟਰ ਦੇ ਚਾਰ ਕਮਰਿਆਂ ਦੇ ਤਾਲੇ ਤੋੜ ਕੇ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ। ਇਹ ਘਟਨਾ ਜਲਾਲਾਬਾਦ ਦੇ ਮਾਹਮੂਜੋਹੀਆ ਪਿੰਡ ਦੀ ਹੈ।
ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਕੂਲ ਬੰਦ ਕਰਕੇ ਘਰ ਚਲੀ ਗਈ ਸੀ। ਅਗਲੀ ਸਵੇਰ ਜਦੋਂ ਉਹ ਸਕੂਲ ਪਹੁੰਚੀ ਤਾਂ ਕਮਰੇ ਦੇ ਤਾਲੇ ਟੁੱਟੇ ਹੋਏ ਮਿਲੇ। ਚੋਰ ਸਕੂਲ ਵਿੱਚੋਂ ਸੀਪੀਯੂ, ਕੀਬੋਰਡ, ਪ੍ਰੋਜੈਕਟਰ, ਸਾਊਂਡ ਸਿਸਟਮ, 16 ਪਰਦੇ, ਬੈੱਡਸ਼ੀਟ ਅਤੇ ਡੀਵੀਆਰ ਸਮੇਤ ਕੰਪਿਊਟਰ ਦਾ ਸਾਰਾ ਸਾਮਾਨ ਚੋਰੀ ਕਰਕੇ ਲੈ ਗਏ। ਇੰਨਾ ਹੀ ਨਹੀਂ ਸਕੂਲ ਦਾ ਵਾਈ-ਫਾਈ ਮੋਡਮ ਅਤੇ ਸਰਕਾਰੀ ਮੋਹਰ ਵੀ ਚੋਰੀ ਹੋ ਗਈ।
ਚੋਰ ਆਂਗਣਵਾੜੀ ਕੇਂਦਰ ਵਿੱਚੋਂ ਭਾਰ ਤੋਲਣ ਵਾਲੀ ਮਸ਼ੀਨ ਅਤੇ ਰਾਸ਼ਨ ਵੀ ਲੈ ਗਏ। ਪ੍ਰਿੰਸੀਪਲ ਅਨੁਸਾਰ ਇਸ ਚੋਰੀ ਕਾਰਨ ਕਰੀਬ ਇੱਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Published on: ਜਨਵਰੀ 15, 2025 5:14 ਬਾਃ ਦੁਃ