ਖਨੌਰੀ ਬਾਰਡਰ ‘ਤੇ 111 ਕਿਸਾਨਾਂ ਦੇ ਜੱਥੇ ਵੱਲੋਂ ਮਰਨ ਵਰਤ ਸ਼ੁਰੂ
ਢਾਬੀ ਗੁੱਜਰਾਂ: 15 ਜਨਵਰੀ, ਦੇਸ਼ ਕਲਿੱਕ ਬਿਓਰੋ
ਖਨੌਰੀ ਬਾਰਡਰ ‘ਤੇ ਕਿਸਾਨਾਂ ਨੇ ਸੰਘਰਸ਼ ਨੂੰ ਤੇਜ਼ ਕਰਦੇ ਹੋਏ, ਕਾਲੇ ਚੋਲੇ ਪਾ ਕੇ 111 ਕਿਸਾਨਾਂ ਦੇ ‘ਜਥੇ’ ਨੇ ਅੱਜ ਦੁਪਿਹਰ ਨੂੰ ਮਰਨ ਵਰਤ ਸ਼ੁਰੂ ਕਰ ਦਿੱਤਾ। ਕਿਸਾਨ ਆਗੂ ਜਗਜੀਤ ਡੱਲੇਵਾਲ ਨਾਲ ਇੱਕਮੁੱਠਤਾ ਜ਼ਾਹਿਰ ਕਰਦਿਆਂ ਕਿਸਾਨਾਂ ਦੇ ਜਥੇ ਨੇ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕੀਤੀ। ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਕਿਸਾਨਾਂ ਨੇ ਨਿਰਧਾਰਤ ਥਾਂ ਤੋਂ ਕੁਝ ਮੀਟਰ ਦੂਰ ਧਰਨਾ ਸ਼ੁਰੂ ਕਰਨ ਦੀ ਹਾਮੀ ਭਰੀ ਸੀ। ਉਧਰ, ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ 21 ਕਿਸਾਨਾਂ ਦਾ ਜਥਾ ਹੀ ਬੈਠੇ ਪਰ ਆਪਣੀ ਮਰਜੀ ਨਾਲ ਹੀ 111 ਕਿਸਾਨਾਂ ਨੇ ਬੈਠਣ ਦਾ ਫੈਸਲਾ ਕਰ ਲਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਟੈਂਟਾਂ ਅਤੇ ਕੰਬਲਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਹਰਿਆਣਾ ਪੁਲੀਸ ਵੱਲੋਂ ਕਿਸਾਨ ਆਗੂਆਂ ਨੂੰ ਧਰਨੇ ਵਾਲੀ ਥਾਂ ਤਬਦੀਲ ਕਰਨ ਲਈ ਕਿਹਾ ਗਿਆ ਅਤੇ ਸਵੇਰ ਤੋਂ ਹੀ ਹਰਿਆਣਾ ਵਾਲੇ ਪਾਸੇ ਸਰਹੱਦ ’ਤੇ ਭਾਰੀ ਪੁਲੀਸ ਫੋਰਸ ਤਾਇਨਾਤ ਸੀ। ਅੱਜ ਸਵੇਰ ਤੋਂ ਹੀ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਮੈਡੀਕਲ ਟੀਮਾਂ ਅਤੇ ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਹੋਇਆ ਹੈ।