ਮੁੱਖ ਮੰਤਰੀ ਵੱਲੋਂ ਪੰਜਾਬ ਦਾ ਪਹਿਲਾ ਬੁਟੀਕ ਅਤੇ ਵਿਰਾਸਤੀ ਹੋਟਲ ਲੋਕਾਂ ਨੂੰ ਸਮਰਪਿਤ

ਪੰਜਾਬ

ਸਿਆਸੀ ਪਾਰਟੀ ਬਣਾਉਣ ਲਈ ਹਰ ਕੋਈ ਆਜ਼ਾਦ ਪਰ ਇਸ ਦੀ ਕਿਸਮਤ ਦਾ ਫੈਸਲਾ ਲੋਕਾਂ ਦੇ ਹੱਥ

ਪਟਿਆਲਾ, 15 ਜਨਵਰੀ, ਦੇਸ਼ ਕਲਿੱਕ ਬਿਓਰੋ :

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਾਹੀ ਸ਼ਹਿਰ ਦੇ ਕਿਲ੍ਹਾ ਮੁਬਾਰਕ ਵਿਖੇ ਬਣਾਇਆ ਗਿਆ ਆਪਣੀ ਕਿਸਮ ਦਾ ਪਹਿਲਾ ਬੁਟੀਕ ਅਤੇ ਵਿਰਾਸਤੀ ਹੋਟਲ ਰਨ ਬਾਸ- ਪੈਲੇਸ ਲੋਕਾਂ ਨੂੰ ਸਮਰਪਿਤ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਬਾਖੂਬੀ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਅਤੇ ਜਨਤਕ ਨਿੱਜੀ ਭਾਈਵਾਲੀ ਤਹਿਤ ਉਸਾਰਿਆ ਗਿਆ ਇਹ ਹੋਟਲ ਐਸ਼ੋ-ਆਰਾਮ, ਮਹਿਮਾਨ ਨਿਵਾਜ਼ੀ ਅਤੇ ਸ਼ਾਨੋ-ਸ਼ੌਕਤ ਦੇ ਮਾਪਦੰਡਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ, ਜੋ ਨਵਾਂ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਹ ਸ਼ਾਨਦਾਰ ਹੋਟਲ ਡੈਸਟੀਨੇਸ਼ਨ ਵੈਡਿੰਗ ਅਤੇ ਹੋਰ ਪੱਖੋਂ ਤੋਂ ਲੋਕਾਂ ਲਈ ਪਸੰਦੀਦਾ ਸਥਾਨ ਵਜੋਂ ਉੱਭਰ ਕੇ ਸਾਹਮਣੇ ਆਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਹੋਟਲ ਸੂਬੇ ਵਿੱਚ ਸੈਰ-ਸਪਾਟਾ ਖੇਤਰ ਵਿਸ਼ੇਸ਼ ਕਰ ਕੇ ਸ਼ਾਹੀ ਸ਼ਹਿਰ ਪਟਿਆਲਾ ਨੂੰ ਵੱਡਾ ਹੁਲਾਰਾ ਦੇਵੇਗਾ।

ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਸੈਲਾਨੀ ਇਸ  ਹੋਟਲ ਵਿੱਚ ਆਰਾਮਦਾਇਕ ਠਹਿਰ ਅਤੇ ਸੂਬੇ ਦੀ ਨਿੱਘੀ ਮਹਿਮਾਨ ਨਿਵਾਜ਼ੀ ਦਾ ਆਨੰਦ ਮਾਣਨਗੇ। ਉਨ੍ਹਾਂ ਕਿਹਾ ਕਿ ਇਹ ਹੋਟਲ ਧਾਰਮਿਕ ਸੈਰ-ਸਪਾਟੇ ਦੇ ਕੇਂਦਰ ਵਜੋਂ ਆਪਣੀ ਮੌਜੂਦਾ ਸਥਿਤੀ ਦੇ ਨਾਲ-ਨਾਲ ਡੈਸਟੀਨੇਸ਼ਨ ਵੈਡਿੰਗ ਲਈ ਤਰਜੀਹੀ ਸਥਾਨ ਵਜੋਂ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਦੇਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪਣੀ ਵਿਲੱਖਣ ਸ਼ਾਨ ਤੋਂ ਇਲਾਵਾ ਇਹ ਹੋਟਲ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਹੈ।

ਮੁੱਖ ਮੰਤਰੀ ਨੇ ਅਜਿਹੇ ਪ੍ਰਾਜੈਕਟਾਂ ਰਾਹੀਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸੈਰ-ਸਪਾਟਾ ਸਥਾਨ ਬਣਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਤੋਂ ਲੈ ਕੇ ਹੀ ਇਹ ਉਨ੍ਹਾਂ ਦਾ ਸੁਪਨਾ ਰਿਹਾ ਹੈ ਕਿ ਪੰਜਾਬ ਦੀ ਵੰਨ-ਸੁਵੰਨਤਾ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਵਰਗੇ ਪਹਿਲੂਆਂ ਨੂੰ ਦੁਨੀਆ ਭਰ ਦੇ ਲੋਕਾਂ ਦੇ ਸਾਹਮਣੇ ਲੈ ਕੇ ਆਉਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਉਨ੍ਹਾਂ ਦੀ ਸਰਕਾਰ ਸਰਕਾਰੀ ਖਜ਼ਾਨੇ ਦੀ ਆਮਦਨ ਵਧਾਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ ਅਤੇ ਇਸ ਹੋਟਲ ਦੀ ਉਸਾਰੀ ਇਸ ਦਿਸ਼ਾ ਵਿੱਚ ਇੱਕ ਸਾਰਥਕ ਕਦਮ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਭੂਗੋਲਿਕ ਤੌਰ ‘ਤੇ ਪੰਜਾਬ ਨੂੰ ਕੁਦਰਤ ਨੇ ਬਹੁਤ ਸੁੰਦਰ ਦ੍ਰਿਸ਼ਾਂ ਅਤੇ ਅਨਮੋਲ ਸਰੋਤਾਂ ਦਾ ਖਜ਼ਾਨਾ ਦਿੱਤਾ ਹੈ ਅਤੇ ਸੂਬਾ ਸਰਕਾਰ ਸੈਰ-ਸਪਾਟੇ ਨੂੰ ਨਵੀਂ ਸਿਖਰ ‘ਤੇ ਲੈ ਜਾਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸੂਬੇ ਦੇ ਚੋਹਾਲ ਡੈਮ, ਰਣਜੀਤ ਸਾਗਰ ਡੈਮ, ਸ਼ਾਹਪੁਰ ਕੰਢੀ ਡੈਮ ਅਤੇ ਕੰਢੀ ਖੇਤਰਾਂ ਨੂੰ ਵਿਲੱਖਣ ਸੈਰ-ਸਪਾਟਾ ਸਥਾਨਾਂ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਨੂੰ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦੀ ਵੱਡੀ ਸੰਭਾਵਨਾ ਹੈ, ਜਿਸ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕੋਲ ਗੋਆ, ਜੈਪੁਰ (ਰਾਜਸਥਾਨ), ਮੈਕਲੌਡਗੰਜ (ਹਿਮਾਚਲ ਪ੍ਰਦੇਸ਼) ਅਤੇ ਹੋਰ ਰਾਜਾਂ ਵਿੱਚ ਵੀ ਜ਼ਮੀਨ ਹੈ, ਜਿਸ ਨੂੰ ਆਗਾਮੀ ਦਿਨਾਂ ਵਿੱਚ ਸੈਰ-ਸਪਾਟੇ ਦੇ ਸਥਾਨਾਂ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੀਆਂ ਅਨਮੋਲ ਸੰਪਤੀਆਂ ਆਪਣੇ ਨਜ਼ਦੀਕੀ ਦੋਸਤਾਂ ਨੂੰ ਵੇਚੀਆਂ ਪਰ ਇਸ ਦੇ ਉਲਟ ਉਨ੍ਹਾਂ ਦੀ ਸਰਕਾਰ ਇਨ੍ਹਾਂ ਸਥਾਨਾਂ ਨੂੰ ਵੱਖ-ਵੱਖ ਨਜ਼ਰੀਏ ਤੋਂ ਵਿਕਸਤ ਕਰ ਰਹੀ ਹੈ। ਇੱਕ ਉਦਾਹਰਣ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਨੇ ਨਿੱਜੀ ਕੰਪਨੀ ਜੀ.ਵੀ.ਕੇ. ਪਾਵਰ ਤੋਂ ਗੋਇੰਦਵਾਲ ਪਾਵਰ ਪਲਾਂਟ ਨੂੰ ਖਰੀਦ ਕੇ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਇਹ ਦੇਖਣ ਨੂੰ ਮਿਲਿਆ ਹੈ ਕਿ ਸਰਕਾਰ ਨੇ ਕੋਈ ਨਿੱਜੀ ਪਾਵਰ ਪਲਾਂਟ ਖਰੀਦਿਆ ਹੈ, ਜਦੋਂ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੀਆਂ ਅਨਮੋਲ ਸੰਪਤੀਆਂ ਆਪਣੇ ਨੇੜਲੇ ਸਾਥੀਆਂ ਨੂੰ ‘ਕੌਡੀਆਂ ਦੇ ਭਾਅ’ ਵੇਚ ਦਿੱਤਾ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸੂਬੇ ਦਾ ਪਹਿਲਾ ਵਿਰਾਸਤੀ ਹੋਟਲ ਹੈ ਅਤੇ ਸੂਬੇ ਦੀਆਂ ਇਤਿਹਾਸਕ ਇਮਾਰਤਾਂ ਦੀ ਸਰਬੋਤਮ ਵਰਤੋਂ ਕਰਕੇ ਅਜਿਹੇ ਹੋਰ ਪ੍ਰਾਜੈਕਟ ਵਿਕਸਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਕੁਦਰਤੀ ਤੌਰ ‘ਤੇ ਸੁੰਦਰ ਦ੍ਰਿਸ਼ਾਂ ਨਾਲ ਭਰਪੂਰ ਹੈ, ਜਿਸ ਦੀ ਵਰਤੋਂ ਫਿਲਮ ਇੰਡਸਟਰੀ ਅਤੇ ਹੋਰ ਉਦਯੋਗ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਮਿਸ਼ਨ ਲਈ ਅਣਥੱਕ ਮਿਹਨਤ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਸੈਰ-ਸਪਾਟਾ ਖੇਤਰ ਨੂੰ ਵੱਡਾ ਹੁਲਾਰਾ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਵਿਖੇ ਇੱਕ ਵਿਰਾਸਤੀ ਗਲੀ ਦਾ ਨਿਰਮਾਣ ਕਰੇਗੀ, ਜੋ ਕੌਮੀ ਆਜ਼ਾਦੀ ਸੰਗਰਾਮ ਵਿੱਚ ਪੰਜਾਬ ਅਤੇ ਪੰਜਾਬੀਆਂ ਦੇ ਸ਼ਾਨਦਾਰ ਯੋਗਦਾਨ ਨੂੰ ਦਰਸਾਏਗੀ। ਉਨ੍ਹਾਂ ਕਿਹਾ ਕਿ ਇਹ 850 ਮੀਟਰ ਲੰਬੀ ਵਿਰਾਸਤੀ ਗਲੀ ਮੌਜੂਦਾ ਅਜਾਇਬ ਘਰ ਤੋਂ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਤੱਕ ਬਣਾਈ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਗਲੀ ਕੌਮੀ ਆਜ਼ਾਦੀ ਸੰਗਰਾਮ ਵਿੱਚ ਸੂਬੇ ਦੇ ਸ਼ਾਨਦਾਰ ਯੋਗਦਾਨ ਨੂੰ ਦਰਸਾਉਂਦੀ ਹੈ, ਜੋ ਨੌਜਵਾਨਾਂ ਨੂੰ ਦੇਸ਼ ਲਈ ਪੂਰੇ ਜੋਸ਼ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਅਤੇ ਦੇਸ਼ ਵਿੱਚ ਕਿਸੇ ਨੂੰ ਵੀ ਸਿਆਸੀ ਪਾਰਟੀਆਂ ਬਣਾਉਣ ਦਾ ਅਧਿਕਾਰ ਹੈ ਪਰ ਇਸ ਦੀ ਕਿਸਮਤ ਦਾ ਫੈਸਲਾ ਕਰਨਾ ਲੋਕਾਂ ਦੇ ਹੱਥ ਵਿੱਚ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਪਸੀ ਸਾਂਝ ਇੰਨੀ ਮਜ਼ਬੂਤ ਹੈ ਕਿ ਪੰਜਾਬ ਦੀ ਉਪਜਾਊ ਧਰਤੀ ‘ਤੇ ਇੱਥੇ ਕੁਝ ਵੀ ਉੱਗ ਸਕਦਾ ਹੈ ਪਰ ਨਫ਼ਰਤ ਦਾ ਬੀਜ ਨਹੀਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਸੰਤਾਂ ਅਤੇ ਪੀਰ-ਪੈਗੰਬਰਾਂ ਦੀ ਪਵਿੱਤਰ ਧਰਤੀ ਹੈ, ਜਿਨ੍ਹਾਂ ਨੇ ਸਾਨੂੰ ਆਪਸੀ ਪਿਆਰ ਅਤੇ ਸਹਿਣਸ਼ੀਲਤਾ ਦਾ ਰਸਤਾ ਦਿਖਾਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਦੇ 18ਵੀਂ ਸਦੀ ਦੇ ਕਿਲ੍ਹਾ ਮੁਬਾਰਕ ਕੰਪਲੈਕਸ ਦੇ ਅੰਦਰ ਸਥਿਤ, ਰਨ ਬਾਸ ਪੈਲੇਸ ਸੂਬੇ ਦੀ ਅਮੀਰ, ਸ਼ਾਹੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਣ ਬਾਸ ਵਿਲੱਖਣ 35 ਸੂਟਜ਼, ਲਜ਼ੀਜ਼ ਖਾਣ-ਪਾਣ ਤੋਂ ਇਲਾਵਾ ਸਿਹਤ ਤੇ ਤੰਦਰੁਸਤੀ ਲਈ ਵੱਖ-ਵੱਖ ਸਹੂਲਤਾਂ ਨਾਲ ਇਹ ਪੈਲੇਸ ਸੈਲਾਨੀਆਂ ਨੂੰ ਅਦਭੁੱਤ ਅਨੁਭਵ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਹ ਪੈਲੇਸ ਅਤੇ ਵਿਸ਼ਾਲ ਕਿਲ੍ਹਾ, ਸ਼ਾਹੀ ਸ਼ਹਿਰ ਪਟਿਆਲਾ ਦੀਆਂ ਰਿਵਾਇਤੀ ਪਰੰਪਰਾਵਾਂ ਤੋਂ ਲੈ ਕੇ ਮਹਿਲ ਦੀ ਵਾਸਤੂ ਕਲਾ ਤੱਕ ਇਸ ਦੀ ਅਮੀਰ ਵਿਰਾਸਤ ਨੂੰ ਦਰਸਾਉਂਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਆਪਣੀ ਕਿਸਮ ਦੇ ਪਹਿਲੇ ਹੋਟਲ ਵਿੱਚ ਸੂਬੇ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਆਧੁਨਿਕ ਅਤੇ ਬਾਖੂਬੀ ਢੰਗ ਨਾਲ ਦਰਸਾਇਆ ਗਿਆ ਹੈ ਅਤੇ  ਸੈਲਾਨੀਆਂ ਨੂੰ ਵਿਲੱਖਣ ਅਨੁਭਵ ਅਤੇ ਉੱਚ-ਪੱਧਰੀ ਸੇਵਾਵਾਂ ਪ੍ਰਦਾਨ ਕਰੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸ਼ਾਨਦਾਰ ਕਿਲ੍ਹਾ ਭਾਰਤ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਅਤੇ ਇਹ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਹੈ, ਜੋ ਮੁਗਲ ਅਤੇ ਰਾਜਸਥਾਨੀ ਵਾਸਤੂ ਕਲਾ ਸ਼ੈਲੀਆਂ ਦੇ ਆਪਸੀ ਮਿਸ਼ਰਣ ਦੀ ਇੱਕ ਸ਼ਾਨਦਾਰ ਉਦਾਹਰਣ ਹੈ। ਉਨ੍ਹਾਂ ਨੇ ਪਟਿਆਲਾ ਨੂੰ ਇੱਕ ਸੈਰ-ਸਪਾਟਾ ਸਥਾਨ ਵਜੋਂ ਸਥਾਪਤ ਕਰਨ ਲਈ ਪੰਜਾਬ ਦੀ ਅਥਾਹ ਸੰਭਾਵਨਾ ਨੂੰ ਮਾਨਤਾ ਦਿੰਦਿਆਂ ਕਿਹਾ ਕਿ ਇਹ ਹੋਟਲ ਪੰਜਾਬ ਦੀ ਮਹਿਮਾਨ ਨਿਵਾਜ਼ੀ ਵਿੱਚ ਨਵੀਂ ਪੁਲਾਂਘ ਹੈ ।

ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਇਹ ਵੱਕਾਰੀ ਪ੍ਰਾਜੈਕਟ ਸੈਰ-ਸਪਾਟੇ ਨੂੰ ਨਵੀਆਂ ਸਿਖਰਾਂ ‘ਤੇ ਲੈ ਜਾਣ ਦੇ ਨਾਲ-ਨਾਲ ਸਥਾਨਕ ਕਾਰੋਬਾਰਾਂ ਲਈ ਮੌਕੇ ਪੈਦਾ ਕਰੇਗਾ ਅਤੇ ਪਟਿਆਲਾ ਦੀ ਅਮੀਰ ਸੱਭਿਆਚਾਰਕ ਪਛਾਣ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਦਿਆਂ ਵਿਸ਼ਵ ਭਰ ਤੋਂ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ, ਜਿਸ ਨਾਲ ਖੇਤਰ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਹੋਟਲ ਨੂੰ ਪੰਜਾਬ ਦੇ ਪਹਿਲੇ ਲਗਜ਼ਰੀ ਪੈਲੇਸ ਹੋਟਲ ਵਜੋਂ ਬਹਾਲ ਕੀਤਾ ਗਿਆ ਹੈ, ਜੋ ਆਧੁਨਿਕ ਸਹੂਲਤਾਂ ਅਤੇ ਸੂਬੇ ਦੀ ਅਮੀਰ ਵਿਰਾਸਤ ਦਾ ਵਿਲੱਖਣ ਸੁਮੇਲ ਹੈ। ਉਨ੍ਹਾਂ ਕਿਹਾ ਕਿ ਇਹ ਮਹਿਲ ਮੁਗਲ, ਰਾਜਪੂਤ, ਸਿੱਖ ਅਤੇ ਬਸਤੀਵਾਦੀ ਵਾਸਤੂ ਕਲਾ ਅਤੇ ਸ਼ੈਲੀਆਂ ਦਾ ਅਦਭੁੱਤ ਸੁਮੇਲ ਹੈ, ਜੋ ਪੰਜਾਬ ਦੀ ਅਮੀਰ ਵਿਰਾਸਤ ਨੂੰ ਬਣਾਈ ਰੱਖਣ ਵਿੱਚ ਅਹਿਮ ਸਿੱਧ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਤਿੰਨ ਮੰਜ਼ਿਲਾਂ ਵਿੱਚ ਫੈਲਿਆ ਇਹ ਹੋਟਲ ਆਧੁਨਿਕ ਸਹੂਲਤਾਂ ਨਾਲ ਲੈਸ ਹੈ, ਜਿਸ ਵਿੱਚ ਦਿਨ ਭਰ ਖਾਣ-ਪੀਣ ਦੀ ਸਹਲੂਤ ਵਾਲੇ ਰੇਸਤਰਾਂ ਨਾਲ ਹੋਰ ਬਹੁਤ ਕੁਝ ਸ਼ਾਮਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਾਨਦਾਰ ਰਿਹਾਇਸ਼ ਦੀ ਪੇਸ਼ਕਸ਼ ਦੇ ਨਾਲ-ਨਾਲ, ਰਨ ਬਾਸ-ਦ ਪੈਲੇਸ ਪ੍ਰਦਰਸ਼ਨੀ ਅਤੇ ਬੈਠਕ ਸਥਾਨਾਂ ਦੀ ਸਹੂਲਤ ਪ੍ਰਦਾਨ ਕਰਦਾ ਹੈ, ਜੋ ਨਿੱਜੀ ਸਮਾਗਮਾਂ ਅਤੇ ਜਸ਼ਨਾਂ ਵਿੱਚ ਸ਼ਾਹੀ ਅਹਿਸਾਸ ਭਰਨ ਲਈ ਪੂਰੀ ਤਰ੍ਹਾਂ ਸੰਪੂਰਨ ਹੈ। ਉਨ੍ਹਾਂ ਕਿਹਾ ਕਿ ਸੈਲਾਨੀਆਂ ਲਈ ਆਕਰਸ਼ਿਤ ਥਾਵਾਂ ਤੇ ਧਾਰਮਿਕ ਅਤੇ ਘੁੰਮਣ ਫਿਰਨ ਲਈ ਹੋਰ ਸਥਾਨਾਂ ਦੇ ਨੇੜੇ ਸਥਿਤ ਹੋਣ ਕਰ ਕੇ ਇਹ ਹੋਟਲ ਸ਼ਾਹੀ ਸ਼ਹਿਰ ਨੂੰ ਚੰਗੀ ਤਰ੍ਹਾਂ ਦੇਖਣ ਦਾ ਵਿਸ਼ਾਲ ਤਜਰਬਾ ਪ੍ਰਦਾਨ ਕਰਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਹੋਟਲ ਪੰਜਾਬ ਸਰਕਾਰ ਦੀ ਸੂਬੇ ਦੀ ਸ਼ਾਨਦਾਰ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੀ ਵਚਨਬੱਧਤਾ ਪ੍ਰਤੀ ਮਹੱਤਵਪੂਰਨ ਮੀਲ ਪੱਥਰ ਹੈ। ਉਨ੍ਹਾਂ ਕਿਹਾ ਕਿ ਆਪਣੀ ਸ਼ਾਨਦਾਰ ਸਥਿਤੀ ਅਤੇ ਢੁਕਵੀਂ ਰੇਲ, ਹਵਾਈ ਤੇ ਸੜਕੀ ਸੰਪਰਕ ਕਾਰਨ ਇਹ ਹੋਟਲ ਸੈਲਾਨੀਆਂ ਲਈ ਸੈਰ-ਸਪਾਟੇ ਦਾ ਪਸੰਦੀਦਾ ਸਥਾਨ ਬਣ ਜਾਵੇਗਾ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।