ਬਟਾਲਾ, 16 ਜਨਵਰੀ, ਨਰੇਸ਼ ਕੁਮਾਰ/ਦੇਸ਼ ਕਲਿਕ ਬਿਊਰੋ :
ਬਟਾਲਾ ਨੇੜੇ ਰੰਗੜ ਨੰਗਲ ਥਾਣੇ ਅਧੀਨ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਇੱਕ ਨਾਮੀ ਗੈਂਗਸਟਰ ਰਣਜੀਤ ਸਿੰਘ ਦੇ ਮਾਰੇ ਜਾਣ ਤੇ ਇੱਕ ਪੁਲਿਸ ਮੁਲਾਜ਼ਮ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਦੇ ਬਾਰਡਰ ਰੇਂਜ ਡੀਆਈਜੀ ਸਤਿੰਦਰ ਸਿੰਘ ਨੇ ਦੱਸਿਆ ਕਿ ਬਟਾਲਾ ਪੁਲਿਸ ਦੇ ਥਾਣਾ ਰੰਗੜ ਨੰਗਲ ਅਧੀਨ ਪੁਲਿਸ ਨਾਕੇ ਦੌਰਾਨ ਪੁਲਿਸ ਪਾਰਟੀ ਨੇ ਬਾਈਕ ਸਵਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਲੋਂ ਪੁਲਸ ‘ਤੇ ਫਾਇਰ ਕੀਤੇ ਗਏ। ਪੁਲਿਸ ਨੇ ਆਪਣਾ ਬਚਾਅ ਕਰਦੇ ਹੋਏ ਜਵਾਬੀ ਕਾਰਵਾਈ ਕੀਤੀ। ਇਸ ਫਾਇਰਿੰਗ ‘ਚ ਪੁਲਿਸ ਦੇ ਏਐਸਆਈ ਦੇ ਵੀ ਗੋਲੀ ਲਗੀ ਹੈ। ਪੁਲਿਸ ਵੱਲੋਂ ਉਸ ਇਲਾਕੇ ਦੀ ਸਰਚ ਕੀਤੀ ਗਈ ਤਾ ਇਕ ਨੌਜਵਾਨ ਜ਼ਖ਼ਮੀ ਪਾਇਆ ਗਿਆ ਜਿਸ ਨੂੰ ਸਿਵਲ ਹਸਪਤਾਲ ਬਟਾਲਾ ਚ ਲਿਆਂਦਾ ਗਿਆ।ਇਸ ਦੌਰਾਨ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉਸਦੀ ਪਹਿਚਾਣ ਰਣਜੀਤ ਸਿੰਘ ਵਜੋ ਹੋਈ ਹੈ।ਮ੍ਰਿਤਕ 3 ਲੋਕਾਂ ਦੇ ਕਤਲ ਮਾਮਲੇ ਚ ਪੁਲਿਸ ਨੂੰ ਲੋੜੀਂਦਾ ਸੀ।ਉਸ ਖਿਲਾਫ ਹੋਰ ਵੀ ਕਈ ਮਾਮਲੇ ਦਰਜ ਹਨ। ਪੁਲਿਸ ਡੀਆਈਜੀ ਮੁਤਾਬਿਕ ਰਣਜੀਤ ਸਿੰਘ ਖੁਦ ਵੀ ਇੱਕ ਨਾਮੀ ਗੈਂਗਸਟਰ ਹੈ ਅਤੇ ਉਸ ਦੇ ਸੰਬੰਧ ਵਿਦੇਸ਼ ਚ ਬੈਠੇ ਨਾਮੀ ਗੈਂਗਸਟਰ ਪ੍ਰਭ ਦਾਸੂਵਾਲ ਅਤੇ ਬਲਵਿੰਦਰ ਸਿੰਘ ਨਾਲ ਸਨ।ਦੇਰ ਰਾਤ ਬਟਾਲਾ ਦੇ ਸਿਵਿਲ ਹਸਪਤਾਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਆਈਜੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਹਮਲੇ ਚ ਗੈਂਗਸਟਰ ਰਣਜੀਤ ਰਾਣਾ ਦੀ ਮੌਤ ਹੋਈ ਹੈ ਅਤੇ ਜਦਕਿ ਉਸਦੇ ਨਾਲ ਉਸ ਦਾ ਇੱਕ ਹੋਰ ਸਾਥੀ ਵੀ ਸੀ ਜੋ ਫ਼ਰਾਰ ਹੋ ਗਿਆ।ਜਿਸ ਨੂੰ ਫੜਨ ਲਈ ਕਾਰਵਾਈ ਜਾਰੀ ਹੈ।