ਮਹਿਲਾ ਪ੍ਰੋਫ਼ੈਸਰਾਂ ਸਮੇਤ ਵਿਭਾਗ ਦੀ ਸੱਤਵੀਂ ਮੰਜ਼ਿਲ ’ਤੇ ਸਾਰੀ ਰਾਤ ਡਟੇ ਰਹੇ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ
ਦਲਜੀਤ ਕੌਰ
ਐੱਸ. ਏ. ਐੱਸ. ਨਗਰ/ਮੋਹਾਲੀ, 2025: 16 ਜਨਵਰੀ, ਬੀਤੇ ਦਿਨ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਵੱਲੋਂ ਮੋਹਾਲੀ ਵਿਖੇ ਡਾਇਰੈਕਟਰ ਉਚੇਰੀ ਸਿੱਖਿਆ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਫ਼ਰੰਟ ਦੇ ਆਗੂ ਪਰਮਜੀਤ ਸਿੰਘ ਨੇ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਨੇ 23 ਸਤੰਬਰ 2024 ਨੂੰ 1158 ਭਰਤੀ ਨੂੰ ਨੇਪਰੇ ਚੜ੍ਹਾਉਣ ਲਈ ਹਰੀ ਝੰਡੀ ਦਿੱਤੀ ਸੀ ਪਰ ਸਰਕਾਰ 411 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੂੰ ਨਿਯੁਕਤੀ ਦੇਣ ਦੀ ਬਜਾਇ ਪੌਣੇ ਚਾਰ ਮਹੀਨਿਆਂ ਤੋਂ ਭਰਤੀ ਨੂੰ ਹਾਲੇ ਵੀ ਅੱਧ ਵਿਚਾਲੇ ਲਟਕਾ ਰਹੀ ਹੈ।
ਬਲਵਿੰਦਰ ਚਹਿਲ ਨੇ ਦੱਸਿਆ ਕਿ ਮਰਨ ਵਰਤ ਰੱਖਣ ਅਤੇ ਜੇਲ੍ਹੀਂ ਡੱਕੇ ਜਾਣ ਤੋਂ ਬਾਅਦ ਵਿਭਾਗ ਵੱਲੋਂ 02-03-04 ਜਨਵਰੀ ਨੂੰ ਰਹਿੰਦੇ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ ਜਿਸਨੂੰ ਦਸ ਦਿਨਾਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਨਿਯੁਕਤੀ ਨੂੰ ਲੈ ਕੇ ਵਿਭਾਗ ਟੱਸ ਤੋਂ ਮੱਸ ਨਹੀਂ ਹੋਇਆ। ਉਚੇਰੀ ਸਿੱਖਿਆ ਵਿਭਾਗ ਨੇ ਲਗਾਤਾਰ ਟਾਲਮਟੋਲ ਦੀ ਨੀਤੀ ਅਪਣਾਈ ਹੋਈ ਹੈ। ਹਰ ਵਾਰ ਮੀਟਿੰਗ ਵਿਚ ਸ਼ੁੱਕਰਵਾਰ ਦੀ ਨਿਯੁਕਤੀ ਦਾ ਲਾਰਾ ਦੇ ਦਿੱਤਾ ਜਾਂਦਾ ਹੈ ਤੇ ਪੰਜਾਬ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਨੌਜਵਾਨਾਂ ਦੇ ਭਵਿੱਖ ਨਾਲ ਸਿਆਸਤ ਕੀਤੀ ਜਾ ਰਹੀ ਹੈ।
ਜਸਪ੍ਰੀਤ ਕੌਰ ਨੇ ਕਿਹਾ ਕਿ 1158 ਫ਼ਰੰਟ ਵੱਲੋਂ ਸੰਘਰਸ਼ ਤਹਿਤ ਸਿੱਖਿਆ ਵਿਭਾਗ ਦੀ ਸੱਤਵੀਂ ਮੰਜ਼ਿਲ ਰਾਤ ਭਰ ਖੁੱਲ੍ਹੀ ਰੱਖੀ ਗਈ ਜਿਸ ਵਿੱਚ 15 ਮਹਿਲਾ ਪ੍ਰੋਫੈਸਰ ਵੀ ਸ਼ਾਮਿਲ ਸਨ। ਵਿਭਾਗ ਨੇ ਰਾਤ ਭਰ ਸੱਤਵੀਂ ਮੰਜ਼ਿਲ ਦੀ ਬਿਜਲੀ ਬੰਦ ਰੱਖੀ ਅਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਅੱਜ ਇਹ ਮੋਰਚਾ ਦੂਸਰੇ ਦਿਨ ਵਿਚ ਦਾਖ਼ਲ ਹੋ ਗਿਆ ਹੈ।
ਪ੍ਰਿਤਪਾਲ ਸਿੰਘ ਨੇ ਚੇਤਾਵਨੀ ਦਿੱਤੀ ਕਿ ਇਹ ਭਰਤੀ ਹੁਣ ਜਿਉਣ ਮਰਨ ਦਾ ਸਵਾਲ ਬਣ ਚੁੱਕਿਆ ਹੈ, ਜੇਕਰ ਸਰਕਾਰ 1158 ਭਰਤੀ ਨੂੰ ਮੁਕੰਮਲ ਕਰਨ ਵੱਲ ਠੋਸ ਕਦਮ ਨਹੀ ਪੁੱਟਦੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।