ਨਗਰ ਕੌਂਸਲ ਮੋਰਿਡਾ ਦੇ ਕੱਚੇ ਸਫਾਈ ਕਰਮਚਾਰੀਆਂ ਵੱਲੋ ਮੰਗਾਂ ਮੰਨਣ ਦਾ ਭਰੋਸਾ ਮਿਲਣ ਉਪਰੰਤ ਹੜਤਾਲ ਖਤਮ
ਮੋਰਿਡਾ 16 ਜਨਵਰੀ ਭਟੋਆ
ਨਗਰ ਕੌਂਸਲ ਮੋਰਿਡਾ ਦੇ ਕੱਚੇ ਸਫਾਈ ਕਰਮਚਾਰੀਆਂ ਵੱਲੋਂ ਕੌਂਸਲ ਦੇ ਅਧਿਕਾਰੀਆਂ ਵੱਲੋਂ ਕੌਂਸਲਰਾਂ ਵੱਲੋਂ ਕੱਚੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਸਬੰਧੀ ਮਤਾ ਪਾ ਕੇ ਸਰਕਾਰ ਨੂੰ ਭੇਜਣ ਅਤੇ ਹੋਰ ਮੰਗਾਂ ਜਲਦੀ ਪੂਰੀਆਂ ਕਰਨ ਦਾ ਭਰੋਸਾ ਮਿਲਣ ਉਪਰੰਤ ਕੰਮ ਛੋੜ ਹੜਤਾਲ ਖਤਮ ਕਰ ਦਿੱਤੀ ਗਈ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੱਚੇ ਸਫਾਈ ਕਰਮਚਾਰੀ ਯੂਨੀਅਨ ਦੀ ਪ੍ਰਧਾਨ ਨੀਲਮ ਰਾਣੀ, ਵੀਨਾ ਕੁਮਾਰੀ, ਸੰਜੀਵ ਕੁਮਾਰ , ਪਿੰਕੀ ਅਤੇ ਲਖਬੀਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਸਮੇਤ 12 ਕੌਂਸਲਰਾਂ ਵੱਲੋਂ ਨਗਰ ਕੌਂਸਲ ਵਿੱਚ ਕਟਰੈਕਟ ਦੇ ਆਧਾਰ ਤੇ ਕੰਮ ਕਰਦੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਸੰਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਪੱਤਰ ਦਿੱਤਾ ਗਿਆ ਸੀ , ਪ੍ਰੰਤੂ ਇਸ ਪੱਤਰ ਤੇ ਕੋਈ ਕਾਰਵਾਈ ਨਾ ਹੋਣ ਉਪਰੰਤ ਉਹਨਾਂ ਵੱਲੋਂ ਬੀਤੀ ਕੱਲ ਕੰਮ ਛੋੜ ਹੜਤਾਲ ਕਰ ਦਿੱਤੀ ਗਈ ਸੀ। ਜਿਸ ਤੋ ਬਾਅਦ ਦੁਪਹਿਰ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਵੱਲੋਂ ਸਫਾਈ ਕਰਮਚਾਰੀਆਂ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਕੌਂਸਲ ਦੇ ਪ੍ਰਧਾਨ ਅਤੇ ਹੋਰ ਕੌਂਸਲਰਾਂ ਵੱਲੋਂ ਲਿਖੇ ਪੱਤਰ ਅਨੁਸਾਰ ਨਗਰ ਕੌਂਸਲ ਦੇ ਕਾਰਵਾਈ ਰਜਿਸਟਰ ਵਿੱਚ ਮਤਾ ਪਾਸ ਕਰਕੇ ਇਹ ਮਤਾ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪ੍ਰਵਾਨਗੀ ਲਈ ਭੇਜਿਆ ਜਾਵੇਗਾ । ਉਹਨਾਂ ਦੱਸਿਆ ਕਿ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਵੱਲੋਂ ਉਹਨਾਂ ਦੀਆਂ ਵਿੱਤੀ ਮੰਗਾਂ ਸਬੰਧੀ ਵੀ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਜਿਸ ਉਪਰੰਤ ਸਮੂਹ ਕਰਮਚਾਰੀਆਂ ਵੱਲੋਂ ਹੜਤਾਲ ਸਮਾਪਤ ਕਰਕੇ ਕਰ ਦਿੱਤੀ ਗਈ।
ਉਧਰ ਇਸ ਸਬੰਧੀ ਸੰਪਰਕ ਕਰਨ ਤੇ ਨਗਰ ਕੌਂਸਲ ਦੇ ਕਾਰਜ ਸਾਰਕ ਅਫਸਰ ਸ੍ਰੀ ਪਰਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਨਗਰ ਕੌਂਸਲ ਦੇ ਪ੍ਰਧਾਨ ਅਤੇ ਹੋਰ ਕੌਂਸਲਰਾਂ ਵੱਲੋਂ ਲਿਖੇ ਪੱਤਰ ਨੂੰ ਮਤੇ ਦੇ ਰੂਪ ਵਿੱਚ ਲਿਆ ਕੇ ਹਾਊਸ ਵੱਲੋਂ ਪ੍ਰਵਾਨ ਕਰਨ ਉਪਰੰਤ ਮਤਾ ਉੱਚ ਅਧਿਕਾਰੀਆਂ ਨੂੰ ਪ੍ਰਵਾਨਗੀ ਲਈ ਭੇਜਿਆ ਜਾਵੇਗਾ ਅਤੇ ਪ੍ਰਵਾਨਗੀ ਮਿਲਣ ਉਪਰੰਤ ਕਾਨੂੰਨ ਅਨੁਸਾਰ ਲੋੜੀਂਦੀ ਯੋਗਤਾ ਤੇ ਤਜਰਬਾ ਰੱਖਣ ਵਾਲੇ ਕਾਮਿਆਂ ਨੂੰ ਪੱਕਾ ਕਰਨ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।