ਹਮਲੇ ਦੇ ਪੀੜਤ ਦਲਿਤ ਪਰਿਵਾਰਾਂ ਦੇ ਨੁਕਸਾਨ ਦੀ ਪੂਰਤੀ ਲਈ ਤੁਰੰਤ ਸਹਾਇਤਾ ਦੇਣ ਦੀ ਮੰਗ
ਮਾਨਸਾ, 16 ਜਨਵਰੀ 2025, ਦੇਸ਼ ਕਲਿੱਕ ਬਿਓਰੋ :
ਜ਼ਿਲ੍ਹਾ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੀ ਮਜ਼ਦੂਰ ਬਸਤੀ ਕੋਠੇ ਜੀਵਨ ਸਿੰਘ ਵਿਖੇ ਸਥਾਨਕ ਬਦਨਾਮ ਨਸ਼ਾ ਤਸਕਰ ਦਲੇਰ ਦੇ ਇਕ ਬਹੁਤ ਵੱਡੇ ਗਿਰੋਹ ਵਲੋਂ ਦਲਿਤ ਮਜ਼ਦੂਰਾਂ ਦੇ ਘਰਾਂ ਉਤੇ ਹਮਲਾ ਕਰਕੇ ਤਿੰਨ ਮਜ਼ਦੂਰਾਂ ਨੂੰ ਬੁਰੀ ਤਰ੍ਹਾਂ ਫ਼ੱਟੜ ਕਰਨ, ਘਰਾਂ ਵਿੱਚੋ ਸਾਰਾ ਕੀਮਤੀ ਸਾਮਾਨ ਲੁੱਟਣ ਅਤੇ ਪਟਰੋਲ ਬੰਬਾਂ ਨਾਲ ਅੱਠ ਘਰਾਂ ਨੂੰ ਫੂਕ ਦੇਣ ਦੀ ਭਿਆਨਕ ਘਟਨਾ ਵਾਪਰਨ ਦੇ ਕਰੀਬ ਇਕ ਹਫ਼ਤਾ ਬਾਅਦ ਵੀ ਮੁੱਖ ਦੋਸ਼ੀ ਸਮੇਤ ਵੱਡੀ ਗਿਣਤੀ ਵਿੱਚ ਹਮਲਾਵਰ ਪੁਲਿਸ ਦੀ ਪਕੜ ਤੋਂ ਬਾਹਰ ਹਨ ਅਤੇ ਪੀੜਤ ਪਰਿਵਾਰਾਂ ਉਤੇ ਖੁੱਲੇਆਮ ਦਹਿਸ਼ਤ ਪਾਈ ਜਾ ਰਹੀ ਹੈ। ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਸ਼ਰਮਨਾਕ ਕਾਰਗੁਜ਼ਾਰੀ ਸੂਬੇ ਵਿੱਚ ਅਮਨ ਕਾਨੂੰਨ ਦੀ ਬੁਰੀ ਤਰ੍ਹਾਂ ਨਿਘਾਰ ਚੁੱਕੀ ਸਥਿਤੀ ਦਾ ਮੂੰਹੋਂ ਬੋਲਦਾ ਪ੍ਰਮਾਣ ਹੈ। ਇਹ ਗੱਲ ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਇਸ ਵਾਰਦਾਤ ਬਾਰੇ ਜਾਰੀ ਇਕ ਬਿਆਨ ਵਿੱਚ ਕਹੀ ਗਈ ਹੈ।
ਘਟਨਾ ਸਥਾਨ ਦਾ ਜਾਇਜ਼ਾ ਲੈਣ ਲਈ ਪਿੰਡ ਦਾ ਵਿਸਤਰਤ ਦੌਰਾ ਕਰਨ ਵਾਲੀ ਸੀਪੀਆਈ ਐਮ ਐਲ ਲਿਬਰੇਸ਼ਨ ਦੀ ਇਕ ਟੀਮ ਜਿਸ ਵਿਚ ਪਾਰਟੀ ਦੀ ਸੂਬਾ ਸਟੈਂਡਿੰਗ ਕਮੇਟੀ ਦੇ ਮੈਂਬਰ ਕਾਮਰੇਡ ਗੁਰਮੀਤ ਸਿੰਘ ਰੂੜੇਕੇ, ਜਸਬੀਰ ਕੌਰ ਨੱਤ, ਜ਼ਿਲ੍ਹਾ ਬਠਿੰਡਾ ਦੇ ਇੰਚਾਰਜ ਰਜਿੰਦਰ ਸਿਵੀਆ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਕਾਮਰੇਡ ਅਮੀ ਲਾਲ ਸ਼ਾਮਲ ਸਨ – ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਭ ਤੋਂ ਘਟੀਆ ਗੱਲ ਇਹ ਹੈ ਕਿ ਹਫ਼ਤਾ ਗੁਜ਼ਰ ਜਾਣ ਦੇ ਬਾਵਜੂਦ ਨਾ ਤਾਂ ਮਾਨ ਸਰਕਾਰ ਦੇ ਕਿਸੇ ਮੰਤਰੀ ਨੇ ਅਤੇ ਨਾ ਹੀ ਬਠਿੰਡਾ ਦੇ ਡੀਸੀ ਤੇ ਐਸਐਸਪੀ ਨੇ ਇਸ ਅਤ ਦੀ ਸਰਦੀ ਵਿੱਚ ਹਮਲਾਵਰਾਂ ਵਲੋਂ ਘਰਾਂ ਤੇ ਸਮੁੱਚੇ ਕੱਪੜੇ ਲੱਤੇ ਤੋਂ ਬਾਂਝੇ ਕਰ ਦਿੱਤੇ ਗਏ ਇੰਨਾਂ ਦਲਿਤ ਗਰੀਬਾਂ ਦੀ ਕੋਈ ਸਾਰ ਲਈ ਹੈ। ਸਰਕਾਰ ਤੇ ਪ੍ਰਸ਼ਾਸਨ ਦੀ ਅਜਿਹੀ ਸੰਵੇਦਨਹੀਣਤਾ ਇੰਨਾਂ ਸ਼ੰਕਿਆਂ ਦੀ ਪੁਸ਼ਟੀ ਕਰਦੀ ਹੈ ਕਿ ਹਮਲਾਵਰ ਨਸ਼ਾ ਤਸਕਰ ਗਿਰੋਹ ਨੂੰ ਸਤਾਧਾਰੀ ਟੋਲੇ ਦੀ ਪੂਰੀ ਸਰਪ੍ਰਸਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਮੰਗ ਕਰਦੀ ਹੈ ਕਿ ਇਸ ਹਮਲੇ ਦੇ ਮੁੱਖ ਦੋਸ਼ੀ ਹਰਵਿੰਦਰ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਸ ਤੋਂ ਬਿਹਾਰ ਵਿਚਲੀ ਪ੍ਰਾਈਵੇਟ ਆਰਮੀ ਰਣਬੀਰ ਸੈਨਾ ਦੀ ਤਰਜ਼ ਦੇ ਇਸ ਵੱਡੇ ਹਮਲੇ ਵਿੱਚ ਸ਼ਾਮਲ ਸਾਰੇ ਮੁਜਰਿਮਾਂ ਬਾਰੇ ਪੜਤਾਲ ਕਰਕੇ ਉਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਗਿਰੋਹ ਖਿਲਾਫ ਐਨਡੀਪੀਐਸ ਲਾਇਆ ਜਾਵੇ। ਇਸ ਤੋਂ ਬਿਨਾਂ ਇਸ ਤਸਕਰ ਦੇ ਸਰਪ੍ਰਸਤ ਤੇ ਭਾਈਵਾਲ ਪਿੰਡ ਦੇ ਸਰਪੰਚ ਦੇ ਕਾਰੋਬਾਰ ਤੇ ਜਾਇਦਾਦ ਬਾਰੇ ਵੀ ਬਰੀਕੀ ਵਿੱਚ ਜਾਂਚ ਕੀਤੀ ਜਾਵੇ। ਪੀੜਤ ਪਰਿਵਾਰਾਂ ਦਾ ਘਰਾਂ ਸਮੇਤ ਜਿੰਨਾਂ ਵੀ ਨੁਕਸਾਨ ਹੋਇਆ ਹੈ, ਸਰਕਾਰ ਉਸ ਦਾ ਮੁਆਵਜ਼ਾ ਦੇਵੇ, ਜਿਸ ਦੀ ਬਾਅਦ ਵਿੱਚ ਦੋਸ਼ੀਆਂ ਤੋਂ ਵਸੂਲੀ ਕੀਤੀ ਜਾਵੇ।
ਟੀਮ ਵਿੱਚ ਸ਼ਾਮਲ ਪਾਰਟੀ ਆਗੂਆਂ ਨੇ ਸਮੂਹ ਇਨਸਾਫ ਪਸੰਦ ਤੇ ਜਮਹੂਰੀ ਧਿਰਾਂ ਅਤੇ ਮਜ਼ਦੂਰ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਗੁੰਡਾ ਗਿਰੋਹਾਂ ਨੂੰ ਨੱਥ ਪਾਉਣ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਉਹ ਸਾਂਝੀ ਐਕਸ਼ਨ ਕਮੇਟੀ ਵਲੋਂ 17 ਜਨਵਰੀ ਨੂੰ ਪਿੰਡ ਵਿਖੇ ਬੁਲਾਈ ਗਈ ਮੀਟਿੰਗ ਵਿੱਚ ਸ਼ਾਮਲ ਹੋਣ ਅਤੇ ਅਗਲੇ ਸੰਘਰਸ਼ ਦੀ ਰੂਪ ਰੇਖਾ ਤਹਿ ਕਰਨ।