ਮਾਨਸਾ, 16 ਜਨਵਰੀ 2025, ਦੇਸ਼ ਕਲਿੱਕ ਬਿਓਰੋ :
ਅੱਜ ਸ਼ਹਿਰ ਤੇ ਨੇੜੇ ਦੇ ਸੰਘਰਸ਼ੀ ਸੰਗਠਨਾਂ ਨਾਲ ਜੁੜੇ ਲੋਕਾਂ ਵਲੋਂ ਮਾਨਸਾ ਦੇ ਮੁੱਖ ਚੌਕ ਵਿੱਚ ਲੱਗੇ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਕੀਤੀ ਅਤੇ ਫੁੱਲਾਂ ਦੇ ਹਾਰ ਪਹਿਨਾ ਕੇ ਲੋਕ ਘੋਲਾਂ ਦੇ ਉੱਘੇ ਸ਼ਹੀਦ ਨੂੰ ਅਪਣਾ ਸਤਿਕਾਰ ਦਿੱਤਾ।
ਇਸ ਸੇਵਾ ਵਿੱਚ ਲਿਬਰੇਸ਼ਨ ਆਗੂ ਜਸਬੀਰ ਕੌਰ ਨੱਤ, ਬਲਵਿੰਦਰ ਕੌਰ ਖਾਰਾ, ਨਛੱਤਰ ਸਿੰਘ ਖੀਵਾ, ਕਾਮਰੇਡ ਧਰਮ ਸਿੰਘ ਫੱਕਰ ਦੇ ਪੋਤੇ ਬਲਵੰਤ ਸਿੰਘ ਫ਼ੱਕਰ , ਜਥੇਦਾਰ ਸੱਜਣ ਸਿੰਘ ਨਿੱਧੜਕ ਦੇ ਪੋਤੇ ਹਰਬੰਸ ਸਿੰਘ , ਸੁਰਿੰਦਰ ਪਾਲ ਸ਼ਰਮਾ, ਡਾ. ਧੰਨਾ ਮੱਲ ਗੋਇਲ, ਭੀਮ ਸਿੰਘ ਫੌਜੀ , ਪ੍ਰਗਟ ਸਿੰਘ, ਰਣਜੀਤ ਸਿੰਘ ਭੈਣੀਬਾਘਾ , ਮਨਜੀਤ ਸਿੰਘ ਮੀਹਾਂ, ਭਾਰਤ ਮੁਕਤੀ ਮੋਰਚਾ ਦੇ ਜਸਵੰਤ ਸਿੰਘ, ਗੁਰਪ੍ਰਣਾਮ ਦਾਸ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਕਰਿਸ਼ਨਾ ਕੌਰ , ਗਗਨ ਸਿਰਸੀਵਾਲਾ, ਕਾਮਰੇਡ ਰਤਨ ਭੋਲ਼ਾ , ਅੰਮ੍ਰਿਤ ਗੋਗਾ ਐਮ ਸੀ, ਬਲਜੀਤ ਸਿੰਘ ਸੇਠੀ ਤੇ ਹੋਰ ਸ਼ਹਿਰੀ ਸ਼ਾਮਲ ਹੋਏ।
ਸੀਪੀਆਈ (ਐਮ ਐਲ) ਲਿਬਰੇਸ਼ਨ ਤੇ ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਕਾਮਰੇਡ ਜਸਬੀਰ ਕੌਰ ਨੱਤ ਨੇ ਦਸਿਆ ਕਿ ਇਕ ਧਨੀ ਪਰਿਵਾਰ ਵਿੱਚ ਜਨਮੇ ਤੇ ਚੰਗੇ ਪੜ੍ਹੇ ਲਿਖੇ ਸਰਦਾਰ ਸੇਵਾ ਸਿੰਘ ਨੇ ਸ਼ੁਰੂ ਵਿੱਚ ਰਿਆਸਤ ਪਟਿਆਲਾ ਵਿੱਚ ਨੌਕਰੀ ਵੀ ਕੀਤੀ, ਪਰ ਪਿੰਡ ਕੁਠਾਲਾ ਵਿੱਚ ਮੁਜਾਰੇ ਕਿਸਾਨਾਂ ਦੇ ਕਤਲੇਆਮ ਤੋਂ ਦੁਖੀ ਹੋ ਕੇ ਉਨ੍ਹਾਂ ਨੌਕਰੀ ਛੱਡ ਦਿੱਤੀ ਤੇ ਆਜ਼ਾਦੀ ਸੰਗਰਾਮ ਵਿੱਚ ਕੁੱਦ ਪਏ। ਉਨ੍ਹਾਂ ਰਿਆਸਤ ਪਟਿਆਲਾ ਵਿੱਚ ਅਕਾਲੀ ਦਲ ਦੀ ਇਕਾਈ ਕਾਇਮ ਕੀਤੀ ਅਤੇ ਦੇਸੀ ਜਗੀਰੂ ਰਾਜਿਆਂ ਦੇ ਜ਼ੁਲਮਾਂ ਖਿਲਾਫ ਲੜਨ ਲਈ ਭਗਵਾਨ ਸਿੰਘ ਲੌਂਗੋਵਾਲ ਤੇ ਕਾਮਰੇਡ ਜੰਗੀਰ ਸਿੰਘ ਜੋਗਾ ਵਰਗੇ ਜੁਝਾਰੂ ਆਗੂਆਂ ਨਾਲ ਮਿਲ ਕੇ ਰਿਆਸਤੀ ਪਰਜਾ ਮੰਡਲ ਦੀ ਸਥਾਪਨਾ ਕੀਤੀ ਸੀ। ਪਰਜਾ ਮੰਡਲ ਦੇ ਪ੍ਰਧਾਨ ਵਜੋਂ ਪਟਿਆਲਾ ਦੇ ਰਜਵਾੜੇ ਭੁਪਿੰਦਰ ਸਿੰਘ ਦੀ ਆਪਹੁਦਰਾਸ਼ਾਹੀ ਤੇ ਮੁਜਾਰੇ ਕਿਸਾਨਾਂ ਦੀ ਅੰਨ੍ਹੀ ਲੁੱਟ ਖ਼ਿਲਾਫ਼ ਲੰਬੀ ਜਦੋਜਹਿਦ ਕੀਤੀ। ਰਾਜੇ ਵਲੋਂ ਉਨ੍ਹਾਂ ਨੂੰ ਜ਼ਲੀਲ ਕਰਨ ਲਈ ਬਰਨਾਲਾ ਦੇ ਡੇਰਾ ਬਾਬਾ ਗਾਂਧਾ ਸਿੰਘ ਦੀ ਅੱਠ ਆਨੇ ਕੀਮਤ ਦੀ ਇਕ ਗੜ੍ਹਬੀ ਚੋਰੀ ਕਰਨ ਦੇ ਝੂਠੇ ਕੇਸ ਵਿੱਚ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਨ੍ਹਾਂ ਨੇ ਝੂਠੇ ਕੇਸ ਵਿੱਚ ਅਪਣੀ ਇਸ ਗ੍ਰਿਫਤਾਰੀ ਖਿਲਾਫ ਜੇਲ੍ਹ ਵਿੱਚ ਭੁੱਖ ਹੜਤਾਲ ਕਰ ਦਿੱਤੀ। ਲੰਬੀ ਭੁੱਖ ਹੜਤਾਲ ਦੇ ਨਤੀਜੇ ਵਜੋਂ 21 ਜਨਵਰੀ 1935 ਨੂੰ ਸਿਰਫ 49 ਸਾਲ ਦੀ ਛੋਟੀ ਉਮਰ ਵਿੱਚ ਹੀ ਉਹ ਜੇਲ੍ਹ ਵਿੱਚ ਵੀਰਗਤੀ ਨੂੰ ਪ੍ਰਾਪਤ ਹੋ ਗਏ ਸਨ।
ਸ਼ਹੀਦ ਬਾਬਾ ਬੂਝਾ ਸਿੰਘ ਭਵਨ ਟਰਸੱਟ ਦੇ ਚੇਅਰਮੈਨ ਕਾਮਰੇਡ ਨਛੱਤਰ ਸਿੰਘ ਖੀਵਾ ਨੇ ਦਸਿਆ ਕਿ ਜਥੇਦਾਰ ਸੱਜਣ ਸਿੰਘ ਨਿੱਧੜਕ ਤੇ ਮਾਨਸਾ ਦੇ ਹੋਰ ਆਜ਼ਾਦੀ ਘੁਲਾਟੀਆਂ ਦੇ ਯਤਨਾਂ ਤੇ ਦਬਾਅ ਸਦਕਾ ਬੇਸ਼ੱਕ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਦੇ ਮੁੱਖ
ਚੌਂਕ ਵਿੱਚ ਸ਼ਹੀਦ ਠੀਕਰੀਵਾਲਾ ਦਾ ਬੁੱਤ ਤਾਂ ਲਗਵਾ ਦਿੱਤਾ, ਪਰ ਇਸ ਦੀ ਸਫਾਈ ਤੇ ਸੰਭਾਲ ਵੱਲ ਕਦੇ ਵੀ ਬਣਦਾ ਧਿਆਨ ਨਹੀਂ ਦਿੱਤਾ ਗਿਆ। ਨਤੀਜਾ ਬੁੱਤ ਦੀ ਦੁਰਦਸ਼ਾ ਨੂੰ ਵੇਖਦੇ ਹੋਏ ਕੁਝ ਸਾਲ ਪਹਿਲਾਂ ਤੋਂ ਪਿੰਡ ਠੀਕਰੀਵਾਲਾ ਦੇ ਵਾਸੀਆਂ ਨੇ ਸ਼ਹਾਦਤ ਦਿਵਸ ਤੋਂ ਪਹਿਲਾਂ ਮਾਨਸਾ ਆ ਕੇ ਸ਼ਹੀਦ ਦੇ ਬੁੱਤ ਸਾਫ ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ। ਇਹ ਵੇਖ ਕੇ ਮਾਨਸਾ ਦੇ ਜਾਗਰੂਕ ਲੋਕਾਂ ਨੇ ਅਪਣੀ ਕੋਤਾਹੀ ਲਈ ਸ਼ਰਮ ਮਹਿਸੂਸ ਕੀਤੀ, ਜਿਸ ਕਰਕੇ ਹੁਣ ਬੀਤੇ ਤਿੰਨ ਕੁ ਸਾਲ ਤੋਂ ਇਹ ਕਾਰਜ ਅਸੀਂ ਖੁਦ ਕਰਨਾ ਆਰੰਭ ਕੀਤਾ ਹੈ।
ਇਸ ਮੌਕੇ ਉਕਤ ਆਗੂਆਂ ‘ਤੇ ਅਧਾਰਿਤ ਇਕ ਕਮੇਟੀ ਵੀ ਬਣਾਈ ਗਈ, ਜੋ ਇਸ ਮਹਾਨ ਦੇਸ਼ ਭਗਤ ਘੁਲਾਟੀਏ ਦੇ ਬੁੱਤ ਦੀ ਸਾਂਭ ਸੰਭਾਲ ਕਰਨ ਦੀ ਨਿਰੰਤਰ ਜ਼ਿੰਮੇਵਾਰੀ ਨਿਭਾਏਗੀ।