ਹੁਸ਼ਿਆਰਪੁਰ ‘ਚ ਕਿਸਾਨ ਦੀ ਹਜ਼ਾਰਾਂ ਟਨ ਪਰਾਲੀ ਸੜ ਕੇ ਸੁਆਹ
ਹੁਸ਼ਿਆਰਪੁਰ, 16 ਜਨਵਰੀ, ਦੇਸ਼ ਕਲਿਕ ਬਿਊਰੋ :
ਹੁਸ਼ਿਆਰਪੁਰ ‘ਚ ਕਿਸਾਨ ਦੀ ਹਜ਼ਾਰਾਂ ਟਨ ਪਰਾਲੀ ਸੜ ਕੇ ਸੁਆਹ ਹੋ ਗਈ। ਬੁੱਧਵਾਰ ਦੇਰ ਰਾਤ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਪਰਾਲੀ ਦੇ ਇੱਕ ਵੱਡੇ ਡੰਪ ਨੂੰ ਅੱਗ ਲੱਗ ਗਈ। ਇਹ ਘਟਨਾ ਟਾਂਡਾ ਇਲਾਕੇ ਦੀ ਬਸਤੀ ਬੋਹੜਾ ਪੁਲਿਸ ਚੌਕੀ ਨੇੜੇ ਵਾਪਰੀ।
ਹਾਜੀਪੁਰ ਦੇ ਪਿੰਡ ਖਿਜ਼ਰਪੁਰ ਦੇ ਵਸਨੀਕ ਹਰਕੀਰਤ ਸਿੰਘ ਅਨੁਸਾਰ ਇਸ ਡੰਪ ਵਿੱਚ ਕਰੀਬ 5 ਹਜ਼ਾਰ ਟਨ ਪਰਾਲੀ ਸਟੋਰ ਕੀਤੀ ਗਈ ਸੀ, ਜਿਸ ਵਿੱਚੋਂ ਕਰੀਬ 4 ਹਜ਼ਾਰ ਟਨ ਪਰਾਲੀ ਅੱਗ ਲੱਗਣ ਕਾਰਨ ਨਸ਼ਟ ਹੋ ਗਈ।ਅੱਗ ਲੱਗਣ ਦੀ ਇਸ ਘਟਨਾ ਕਾਰਨ ਕਿਸਾਨ ਦਾ ਕਰੀਬ 1.25 ਕਰੋੜ ਰੁਪਏ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ।
ਪੁਲਸ ਚੌਕੀ ਇੰਚਾਰਜ ਰਾਜੇਸ਼ ਕੁਮਾਰ ਵੱਲੋਂ ਤੁਰੰਤ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ ‘ਚ ਇਸ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅਧਿਕਾਰੀਆਂ ਮੁਤਾਬਕ ਘਟਨਾ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।