ਸ਼ਰਮਨਾਕ : ਪੰਜਾਬ ‘ਚ ਹਾਦਸੇ ਦੌਰਾਨ ਜ਼ਖ਼ਮੀ ਵਿਅਕਤੀ ਦੀ ਜੇਬ ‘ਚੋਂ ਚੁਰਾਏ ਦੋ ਲੱਖ ਰੁਪਏ, CCTV ‘ਚ ਹੋਇਆ ਕੈਦ
ਅੰਮ੍ਰਿਤਸਰ, 17 ਜਨਵਰੀ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਬੀਤੀ ਰਾਤ ਲਗਭਗ 9 ਵਜੇ ਇੱਕ ਵਪਾਰੀ ਰਵੀ ਮਹਾਜਨ, ਜੋ ਬਾਈਕ ’ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ, ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰੀ। ਇਸ ਹਾਦਸੇ ਵਿੱਚ ਉਹ ਸੜਕ ’ਤੇ ਡਿੱਗ ਕੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਅਤੇ ਬੇਹੋਸ਼ ਹੋ ਗਿਆ।
ਦੁਰਘਟਨਾ ਦੇ ਬਾਅਦ ਉੱਥੋਂ ਲੰਘ ਰਹੇ ਕੁਝ ਰਾਹਗੀਰ ਉਨ੍ਹਾਂ ਦੀ ਮਦਦ ਲਈ ਰੁਕੇ ਅਤੇ ਉਨ੍ਹਾਂ ਨੂੰ ਨੇੜਲੇ ਇੱਕ ਹਸਪਤਾਲ ’ਚ ਦਾਖਲ ਕਰਵਾਇਆ। ਪਰ ਇਸ ਦੌਰਾਨ ਕੁਝ ਐਦਾਂ ਦਾ ਹੋਇਆ ਜਿਸਨੇ ਮਦਦ ਦੇ ਨਾਂ ’ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। ਮਦਦਗਾਰਾਂ ਵਿੱਚੋਂ ਇੱਕ ਵਿਅਕਤੀ ਨੇ ਮੌਕੇ ਦਾ ਫਾਇਦਾ ਚੁਕਦੇ ਹੋਏ ਰਵੀ ਮਹਾਜਨ ਦੀ ਜੇਬ ਵਿੱਚੋਂ ਲਗਭਗ ਦੋ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਚੋਰੀ ਦੀ ਇਹ ਸ਼ਰਮਨਾਕ ਘਟਨਾ ਹਸਪਤਾਲ ‘ਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਸੀਸੀਟੀਵੀ ਫੁਟੇਜ ਵਿੱਚ ਸਾਫ਼ ਤੌਰ ’ਤੇ ਵੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ, ਜੋ ਮਦਦਗਾਰ ਹੋਣ ਦਾ ਨਾਟਕ ਕਰ ਰਿਹਾ ਸੀ, ਰਵੀ ਮਹਾਜਨ ਦੀ ਜੇਬ ਵਿੱਚੋਂ ਪੈਸੇ ਕੱਢਦਾ ਹੈ ਅਤੇ ਆਪਣੀ ਜੈਕੇਟ ਦੀ ਜੇਬ ਵਿੱਚ ਪਾ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ।ਉਸ ਵਲੋਂ ਇਸ ਘਟਨਾ ਨੂੰ ਹਸਪਤਾਲ ਵਿੱਚ ਮੌਜੂਦ ਹੋਰ ਲੋਕਾਂ ਅਤੇ ਸਟਾਫ਼ ਦੀ ਨਜ਼ਰ ਤੋਂ ਬਚ ਕੇ ਅੰਜਾਮ ਦਿੱਤਾ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲੀਸ ਨੇ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲੀਸ ਨਾਲ ਸਾਂਝੀ ਕਰਨ।