ਮੋਹਾਲੀ : ਜਵੈਲਰ ਦੀ ਦੁਕਾਨ ‘ਚ ਦਿਨ-ਦਿਹਾੜੇ 12 ਲੱਖ ਰੁਪਏ ਦੀ ਲੁੱਟ
ਮੋਹਾਲੀ, 17 ਜਨਵਰੀ, ਦੇਸ਼ ਕਲਿਕ ਬਿਊਰੋ :
ਮੋਹਾਲੀ ਦੇ ਨਵਾਂਗਰਾਂਓ ਵਿੱਚ ਇਕ ਜਵੈਲਰ ਦੀ ਦੁਕਾਨ ਵਿੱਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਦਿਨ-ਦਿਹਾੜੇ ਹੋਈ।ਮੁਲਜ਼ਮ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ। ਹਾਲਾਂਕਿ ਜਵੈਲਰ ਨੇ ਮੁਲਜ਼ਮ ਦਾ ਮੁਕਾਬਲਾ ਵੀ ਕੀਤਾ, ਪਰ ਮੁਲਜ਼ਮ 15 ਸੋਨੇ ਦੀਆਂ ਚੇਨਾਂ ਲੈ ਕੇ ਫਰਾਰ ਹੋ ਗਿਆ। ਇਨ੍ਹਾਂ ਦੀ ਕੀਮਤ ਕਰੀਬ 12 ਲੱਖ ਰੁਪਏ ਦੱਸੀ ਗਈ ਹੈ। ਵਾਰਦਾਤ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਬੀਤੇ ਕੱਲ੍ਹ ਦੁਪਹਿਰ ਕਰੀਬ 2 ਵਜੇ ਦੀ ਹੈ। ਜਵੈਲਰ ਅਸ਼ਵਨੀ ਨੇ ਦੱਸਿਆ ਕਿ ਮੁਲਜ਼ਮ ਪਿਛਲੇ ਚਾਰ ਦਿਨਾਂ ਤੋਂ ਦੁਕਾਨ ‘ਤੇ ਆ ਕੇ ਰੇਕੀ ਕਰ ਰਿਹਾ ਸੀ। ਪਹਿਲੇ ਦਿਨ ਉਹ ਆਪਣੀ ਪਤਨੀ ਲਈ ਅੰਗੁਠੀ ਦੇਖਣ ਦੇ ਬਹਾਨੇ ਦੁਕਾਨ ’ਤੇ ਆਇਆ ਸੀ। ਇਸ ਤੋਂ ਬਾਅਦ ਉਹ ਵੱਖ-ਵੱਖ ਬਹਾਨਿਆਂ ਨਾਲ ਦੁਕਾਨ ’ਤੇ ਆਉਂਦਾ ਅਤੇ ਸਵਾਲ ਪੁੱਛ ਕੇ ਵਾਪਸ ਚਲਾ ਜਾਂਦਾ। ਬੁੱਧਵਾਰ ਨੂੰ ਉਹ 800 ਰੁਪਏ ਦੀ ਇੱਕ ਚਾਂਦੀ ਦੀ ਅੰਗੂਠੀ ਖਰੀਦ ਕੇ ਲੈ ਗਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ, ਉਹ ਅੰਗੂਠੀ ਦਾ ਸਾਈਜ਼ ਵੱਡਾ ਕਰਵਾਉਣ ਦੇ ਬਹਾਨੇ ਨਾਲ ਦੁਬਾਰਾ ਆਇਆ ਸੀ।
ਹਾਲਾਂਕਿ ਇਸ ਲੁੱਟ ਕਾਰਨ ਇਲਾਕੇ ਦੇ ਦੁਕਾਨਦਾਰਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਜਦਕਿ ਪੁਲਿਸ ਨੂੰ ਉਮੀਦ ਹੈ ਕਿ ਮਾਮਲਾ ਹੱਲ ਹੋ ਜਾਵੇਗਾ। ਪੁਲਿਸ ਇਲਾਕੇ ਵਿੱਚ ਲਗੇ ਸਾਰੇ ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕਰ ਰਹੀ ਹੈ। ਮੁਲਜ਼ਮ ਦਾ ਚਿਹਰਾ ਵੀ ਇੱਕ ਥਾਂ ’ਤੇ ਸਪਸ਼ਟ ਦਿਖਾਈ ਦਿੱਤਾ ਹੈ।