ਸੂਬਾ ਸਰਕਾਰ ਵਲੋਂ ਭ੍ਰਿਸ਼ਟ ਪਟਵਾਰੀਆਂ ਦੀ ਸੂਚੀ ਤਿਆਰ, ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਕਾਰਵਾਈ ਕਰਕੇ ਰਿਪੋਰਟ ਭੇਜਣ ਦੇ ਹੁਕਮ
ਚੰਡੀਗੜ੍ਹ, 17 ਜਨਵਰੀ, ਦੇਸ਼ ਕਲਿਕ ਬਿਊਰੋ :
ਹਰਿਆਣਾ ਸਰਕਾਰ ਨੇ ਪਹਿਲੀ ਵਾਰ ਭ੍ਰਿਸ਼ਟ ਪਟਵਾਰੀਆਂ ਦੀ ਸੂਚੀ ਤਿਆਰ ਕੀਤੀ ਹੈ। ਇਸ ਸੂਚੀ ਵਿੱਚ 370 ਪਟਵਾਰੀਆਂ ਨੂੰ ਭ੍ਰਿਸ਼ਟ ਐਲਾਨਿਆ ਗਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਇਹ ਪਟਵਾਰੀ ਮਿਣਤੀ, ਨਿਰੀਖਣ, ਰਿਕਾਰਡ ਦਰੁਸਤ ਕਰਨ ਅਤੇ ਨਕਸ਼ੇ ਪਾਸ ਕਰਨ ਦੇ ਬਦਲੇ ਭ੍ਰਿਸ਼ਟਾਚਾਰ ਕਰ ਰਹੇ ਹਨ। ਇਨ੍ਹਾਂ ਵਿੱਚੋਂ 170 ਪਟਵਾਰੀ ਅਜਿਹੇ ਹਨ ਜਿਨ੍ਹਾਂ ਨੇ ਆਪਣੇ ਸਹਾਇਕ ਵੀ ਰੱਖੇ ਹੋਏ ਹਨ।
ਸਰਕਾਰੀ ਖ਼ੁਫ਼ੀਆ ਵਿਭਾਗ ਦੀ ਰਿਪੋਰਟ ਵਿੱਚ ਜਾਣਕਾਰੀ ਸਾਹਮਣੇ ਆਈ ਹੈ ਕਿ ਕੁਝ ਪਟਵਾਰੀਆਂ ਨੇ ਨਿੱਜੀ ਘਰਾਂ ਵਿੱਚ ਦਫ਼ਤਰ ਖੋਲ੍ਹੇ ਹੋਏ ਹਨ। ਉੱਥੇ ਉਹ ਆਪਣੇ ਸਹਾਇਕ ਨਾਲ ਮਿਲ ਕੇ ਲੋਕਾਂ ਦੇ ਕੰਮ ਬਦਲੇ ਰਿਸ਼ਵਤ ਲੈਂਦੇ ਹਨ। ਉਨ੍ਹਾਂ ਪਟਵਾਰੀਆਂ ਦਾ ਇਸ ਸੂਚੀ ਵਿੱਚ ਵੱਖਰੇ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਦੇ ਨਾਂਵਾਂ ਦੇ ਨਾਲ-ਨਾਲ ਉਨ੍ਹਾਂ ਦੇ ਸਾਥੀਆਂ ਦੇ ਨਾਂ ਵੀ ਜਾਰੀ ਕੀਤੇ ਗਏ ਹਨ।
ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ (ਏਸੀਐਸ) ਨੇ ਇਹ ਸੂਚੀ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਭੇਜ ਦਿੱਤੀ ਹੈ। ਜਿਸ ਵਿੱਚ ਲਿਖਿਆ ਗਿਆ ਹੈ ਕਿ ਇਨ੍ਹਾਂ ਭ੍ਰਿਸ਼ਟ ਮੁਲਾਜ਼ਮਾਂ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ 15 ਦਿਨਾਂ ਵਿੱਚ ਰਿਪੋਰਟ ਸਰਕਾਰ ਨੂੰ ਭੇਜੀ ਜਾਵੇ।