ਗਣਤੰਤਰਤਾ ਦਿਵਸ ਸਬੰਧੀ ਸਕੂਲੀ ਵਿਦਿਆਰਥੀਆਂ ਨੇ ਕੀਤੀ ਰਿਹਰਸਲ
ਫ਼ਰੀਦਕੋਟ 18 ਜਨਵਰੀ,2025, ਦੇਸ਼ ਕਲਿੱਕ ਬਿਓਰੋ
ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਵੱਲੋਂ ਨਹਿਰੂ ਸਟੇਡੀਅਮ ਫਰੀਦਕੋਟ ਦਾ ਦੌਰਾ ਕਰਕੇ ਗਣਤੰਤਰਤਾ ਦਿਵਸ ਸਬੰਧੀ ਕਰਵਾਏ ਜਾਣ ਵਾਲੇ ਦੇਸ਼ ਭਗਤੀ ਤੇ ਸੱਭਿਆਚਾਰਕ ਸਮਾਗਮ ਦੀਆਂ ਆਈਟਮਾਂ ਦੀ ਚੋਣ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਸਾਰੀਆਂ ਆਈਟਮਾਂ ਖੁਦ ਵੇਖੀਆਂ ਅਤੇ ਇਨ੍ਹਾਂ ਵਿੱਚ ਹੋਰ ਸੁਧਾਰ ਲਈ ਸੰਬੰਧਿਤ ਵਿਭਾਗਾਂ ਨੂੰ ਮੌਕੇ ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਉਨ੍ਹਾਂ ਦੱਸਿਆ ਕਿ 26 ਜਨਵਰੀ ਦੇ ਇਸ ਵਾਰ ਹੋਣ ਵਾਲੇ ਰਾਜ ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ । ਉਨ੍ਹਾਂ ਸਿੱਖਿਆ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਏ ਜਾਣ ।
ਇਸ ਸਬੰਧੀ ਕਿਸੇ ਤਰ੍ਹਾਂ ਦੀ ਕੁਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਬੱਚਿਆਂ ਤੇ ਅਧਿਆਪਕਾਂ ਨੂੰ ਇਸ ਸਮਾਗਮ ਲਈ ਇੰਨੀ ਮਿਹਨਤ ਕਰਨੀ ਚਾਹੀਦੀ ਹੈ ਕਿ ਰਾਜ ਪੱਧਰੀ ਸਮਾਗਮ ਯਾਦਗਾਰੀ ਹੋ ਨਿਬੜੇ।
ਇਸ ਮੌਕੇ ਡਿਪਟੀ ਡੀਈਓ ਸ਼੍ਰੀ ਪ੍ਰਦੀਪ ਦਿਓੜਾ, ਕੇਵਲ ਕੌਰ ਜਿਲਾ ਖੇਡ ਕੋਆਰਡੀਨੇਟਰ, ਸ਼੍ਰੀ ਜਸਬੀਰ ਜੱਸੀ ਜ਼ਿਲਾ ਗਾਈਡੈਂਸ ਕੌਂਸਲਰ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।