ਪੰਜਾਬ ‘ਚ ਧੁੰਦ ਤੇ ਸ਼ੀਤ ਲਹਿਰ ਦਾ ਅਲਰਟ ਜਾਰੀ, ਫਿਰ ਬਦਲੇਗਾ ਮੌਸਮ ਪਵੇਗਾ ਮੀਂਹ
ਚੰਡੀਗੜ੍ਹ, 18 ਜਨਵਰੀ, ਦੇਸ਼ ਕਲਿਕ ਬਿਊਰੋ :
ਪੰਜਾਬ ਵਿੱਚ ਅੱਜ ਸ਼ਨੀਵਾਰ ਨੂੰ ਵੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਧੁੰਦ ਦੇ ਨਾਲ-ਨਾਲ ਕਈ ਇਲਾਕਿਆਂ ਵਿੱਚ ਸ਼ੀਤ ਲਹਿਰ ਦੀ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ। 48 ਘੰਟੇ ਮੌਸਮ ਖੁਸ਼ਕ ਰਹਿਣ ਤੋਂ ਬਾਅਦ ਬੀਤੇ ਦਿਨ ਦੁਪਹਿਰੇ ਧੁੱਪ ਖਿੜੀ। ਤਾਪਮਾਨ ਵਿੱਚ ਲਗਭਗ 1 ਡਿਗਰੀ ਦੇ ਵਾਧੇ ਨਾਲ ਲੋਕਾਂ ਨੂੰ ਸ਼ੀਤ ਲਹਿਰ ਤੋਂ ਹਲਕੀ ਰਾਹਤ ਮਿਲੀ। ਪਰ ਹਾਲੇ ਵੀ ਰਾਜ ਦਾ ਤਾਪਮਾਨ 20 ਡਿਗਰੀ ਤੋਂ ਹੇਠਾਂ ਬਣਿਆ ਹੋਇਆ ਹੈ।
ਮੌਸਮ ਵਿਭਾਗ ਦੇ ਅਨੁਸਾਰ, ਆਉਣ ਵਾਲੇ 48 ਘੰਟਿਆਂ ਵਿੱਚ ਪੰਜਾਬ ਦੇ ਤਾਪਮਾਨ ਵਿੱਚ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ। ਪਰ ਉਸ ਤੋਂ ਬਾਅਦ ਪੰਜਾਬ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਤੱਕ ਦਾ ਵਾਧਾ ਹੋ ਸਕਦਾ ਹੈ।
ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਧੁੰਦ ਨੂੰ ਲੈ ਕੇ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਮਲੇਰਕੋਟਲਾ ਵਿੱਚ ਧੁੰਦ ਦਾ ਸੰਤਰੀ ਅਲਰਟ ਹੈ, ਜਦੋਂ ਕਿ ਹੋਰ ਸਾਰੇ ਜ਼ਿਲ੍ਹਿਆਂ ਵਿੱਚ ਧੁੰਦ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਮਾਨਸਾ ਅਤੇ ਬਰਨਾਲਾ ਵਿੱਚ ਸ਼ੀਤ ਲਹਿਰ ਦਾ ਸੰਤਰੀ ਅਲਰਟ ਜਾਰੀ ਹੈ। ਇਸੇ ਤਰ੍ਹਾਂ, ਰੂਪਨਗਰ, ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਨਵਾਂਸ਼ਹਿਰ, ਅਤੇ ਹੁਸ਼ਿਆਰਪੁਰ ਵਿੱਚ ਸ਼ੀਤ ਲਹਿਰ ਲਈ ਪੀਲਾ ਅਲਰਟ ਜਾਰੀ ਹੈ।
ਪੰਜਾਬ ਵਿੱਚ ਇੱਕ ਵਾਰ ਫਿਰ ਮੀਂਹ ਪੈਣ ਦੇ ਅਸਾਰ ਬਣ ਰਹੇ ਹਨ। ਮੌਸਮ ਵਿਭਾਗ ਦੇ ਅਨੁਸਾਰ 18 ਜਨਵਰੀ ਤੋਂ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਜਿਸਦਾ ਅਸਰ 19 ਜਨਵਰੀ ਤੋਂ ਪਹਾੜੀ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ। ਪਰ 21 ਤੇ 22 ਜਨਵਰੀ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੇ ਅਸਾਰ ਹਨ।