ਫ਼ਰੀਦਕੋਟ, 18 ਜਨਵਰੀ, ਦੇਸ਼ ਕਲਿਕ ਬਿਊਰੋ :
ਫਰੀਦਕੋਟ ‘ਚ ਇਕ ਸਹੁਰੇ ਨੇ ਆਪਣੀ ਵਿਧਵਾ ਨੂੰਹ ‘ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਔਰਤ ਬੁਰੀ ਤਰ੍ਹਾਂ ਝੁਲਸ ਗਈ। ਔਰਤ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਥਾਣਾ ਸਿਟੀ ਕੋਟਕਪੂਰਾ ਦੀ ਪੁਲਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੋਟਕਪੂਰਾ ਦੇ ਦੁਆਰੇਆਣਾ ਰੋਡ ਦੀ ਰਹਿਣ ਵਾਲੀ ਵਿਧਵਾ ਔਰਤ (35) ਇਨ੍ਹੀਂ ਦਿਨੀਂ ਆਪਣੇ ਪੇਕੇ ਘਰ ਰਹਿ ਰਹੀ ਸੀ ਅਤੇ ਕੋਟਕਪੂਰਾ ਦੇ ਇੱਕ ਨਿੱਜੀ ਸਕੂਲ ਵਿੱਚ ਸਫ਼ਾਈ ਸੇਵਕ ਵਜੋਂ ਕੰਮ ਕਰ ਰਹੀ ਸੀ।ਅੱਜ ਸ਼ਨੀਵਾਰ ਸਵੇਰੇ ਉਹ ਇਕ ਹੋਰ ਔਰਤ ਨਾਲ ਸਕੂਲ ਡਿਊਟੀ ਲਈ ਜਾ ਰਹੀ ਸੀ। ਜਦੋਂ ਉਹ ਸਕੂਲ ਨੇੜੇ ਪੁੱਜੀ ਤਾਂ ਉਸ ਦੇ ਸਹੁਰੇ ਧੀਰੂ ਨੇ ਉਸ ’ਤੇ ਤੇਜ਼ਾਬ ਪਾ ਦਿੱਤਾ।
ਔਰਤ ਵੱਲੋਂ ਰੌਲਾ ਪਾਉਣ ‘ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਆਸ-ਪਾਸ ਦੇ ਲੋਕ ਉਸ ਨੂੰ ਪਹਿਲਾਂ ਕੋਟਕਪੂਰਾ ਦੇ ਸਿਵਲ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।
Published on: ਜਨਵਰੀ 18, 2025 2:07 ਬਾਃ ਦੁਃ