ਮਹਾਂਕੁੰਭ ‘ਚ ਭਿਆਨਕ ਅੱਗ, ਬਹੁਤ ਸਾਰੇ ਤੰਬੂ ਸੜ ਕੇ ਸੁਆਹ
ਪ੍ਰਯਾਗਰਾਜ 19 ਜਨਵਰੀ, ਦੇਸ਼ ਕਲਿੱਕ ਬਿਓਰੋ
ਕੁੰਭ ਮੇਲੇ ਤੇ ਗੈਸ ਸਿਲੰਡਰ ਫਟਣ ਨਾਲ ਹੋਏ ਵੱਡੇ ਧਮਾਕੇ ਬਾਅਦ ਅੱਗ ਦੇ ਭਾਬੜ ਬਲ ਉੱਠੇ ਤੇ ਲਗਭਗ ਸੌ ਦੇ ਕਰੀਬ ਟੈਂਟ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਮਦਦ ਕਰ ਰਹੀਆ ਹਨ। ਪਰ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਖਬਰ ਨਹੀਂ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਮਹਾਂ ਕੁੰਭ ਮੇਲੇ ਦੇ ਸੈਕਟਰ 19 ਵਿੱਚ ਦੋ ਸਿਲੰਡਰ ਫਟ ਗਏ, ਜਿਸ ਨਾਲ ਕੈਂਪਾਂ ਵਿੱਚ ਭਾਰੀ ਅੱਗ ਲੱਗ ਗਈ। ਅੱਗ ਬੁਝਾਊ ਦਸਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੱਗ ਨਾਲ ਗੀਤਾ ਪ੍ਰੈਸ ਦੀਆਂ 180 ਝੌਂਪੜੀਆਂ ਸੜ ਗਈਆਂ।ਅਧਿਕਾਰੀਆਂ ਮੁਤਾਬਕ ਖਾਣਾ ਪਕਾਉਂਦੇ ਸਮੇਂ ਸਿਲੰਡਰ ਫਟ ਗਿਆ। ਇਸ ਤੋਂ ਬਾਅਦ ਕਈ ਸਿਲੰਡਰ ਫਟ ਗਏ।ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਭੇਜੀਆਂ ਗਈਆਂ, ਜਿਨ੍ਹਾਂ ਨੇ ਇਕ ਘੰਟੇ ‘ਚ ਅੱਗ ‘ਤੇ ਕਾਬੂ ਪਾ ਲਿਆ। ਇੱਕ ਭਿਕਸ਼ੂ ਦੇ 1 ਲੱਖ ਰੁਪਏ ਦੇ ਨੋਟ ਵੀ ਸੜ ਗਏ। ਮੇਲੇ ਦੇ ਸੀਐਫਓ (ਚੀਫ਼ ਫਾਇਰ ਅਫ਼ਸਰ) ਪ੍ਰਮੋਦ ਸ਼ਰਮਾ ਨੇ ਦੱਸਿਆ ਕਿ ਕਰੀਬ 500 ਲੋਕਾਂ ਨੂੰ ਅੱਗ ਤੋਂ ਬਚਾਇਆ ਗਿਆ ਹੈ।
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੀਐਮ ਨਰਿੰਦਰ ਮੋਦੀ ਨੇ ਵੀ ਸੀਐਮ ਯੋਗੀ ਨੂੰ ਫੋਨ ਕਰਕੇ ਘਟਨਾ ਦੀ ਪੂਰੀ ਜਾਣਕਾਰੀ ਹਾਸਲ ਕੀਤੀ। ਅੱਗ ਲੱਗਣ ਦੀ ਘਟਨਾ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਹੈਲੀਕਾਪਟਰ ਤੋਂ ਮਹਾਕੁੰਭ ਮੇਲੇ ਦੇ ਖੇਤਰ ਦਾ ਜਾਇਜ਼ਾ ਵੀ ਲਿਆ।