ਫਰੀਦਾਬਾਦ, 19 ਜਨਵਰੀ, ਦੇਸ਼ ਕਲਿੱਕ ਬਿਓਰੋ :
ਲੁਧਿਆਣਾ ਵਿੱਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਇਹ ਘਟਨਾ ਪਿੰਡ ਅਲੌੜ ਦੀ ਹੈ ਜਿੱਥੇ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਬਰਫ਼ ਦੇ ਸੂਏ ਨਾਲ ਸਿਰ, ਅੱਖਾਂ ਅਤੇ ਪੇਟ ਉਤੇ ਕਈ ਵਾਰ ਨਾਲ ਹਮਲਾ ਕੀਤਾ। ਇਹ ਹੀ ਨਹੀਂ ਲੋਹੇ ਦੀ ਰਾਡ ਨਾਲ ਦੋਵੇਂ ਲੱਤਾਂ ਤੋੜ ਦਿੱਤੀਆਂ। ਮ੍ਰਿਤਕਾ ਦੀ ਪਹਿਚਾਣ ਪ੍ਰਮਜੀਤ ਕੌਰ ਵਜੋਂ ਹੋਈ ਹੈ। ਇਹ ਘਟਨਾ 16 ਜਨਵਰੀ ਦੀ ਦੱਸੀ ਜਾ ਰਹੀ ਹੈ, ਜ਼ਖਮੀ ਔਰਤ ਦਾ 18 ਜਨਵਰੀ ਨੂੰ ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ।
ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਦਾ ਵਿਆਹ ਲਗਭਗ 17 ਸਾਲ ਪਹਿਲਾਂ ਕਸ਼ਮੀਰਾ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਇੱਕ ਪੁੱਤਰ ਨੇ ਜਨਮ ਲਿਆ। ਉਸਦਾ ਜੀਜਾ ਕਸ਼ਮੀਰਾ ਸਿੰਘ ਅਕਸਰ ਉਸਦੀ ਭੈਣ ਨੂੰ ਕੁੱਟਦਾ ਰਹਿੰਦਾ ਸੀ। ਉਹ ਨਸ਼ੇ ’ਚ ਹੋਣ ਤੋਂ ਬਾਅਦ ਲੜਦਾ ਅਤੇ ਝਗੜਾ ਕਰਦਾ ਸੀ। 16 ਜਨਵਰੀ ਨੂੰ ਉਸਦੀ ਭੈਣ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਜਿਸ ਕਾਰਨ ਉਸਦੀ ਭੈਣ ਦੀ ਮੌਤ ਹੋ ਗਈ।
ਪਿੰਡ ਦੇ ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਕਸ਼ਮੀਰਾ ਸਿੰਘ ਦੇ ਘਰ ਗਿਆ ਤਾਂ ਉਸਨੇ ਦੇਖਿਆ ਕਿ ਉਹ ਆਪਣੀ ਪਤਨੀ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਰਿਹਾ ਸੀ। ਇਸ ਦੌਰਾਨ ਕਸ਼ਮੀਰਾ ਸਿੰਘ ਨੇ ਉਸਨੂੰ ਧੱਕਾ ਦਿੱਤਾ ਅਤੇ ਧਮਕੀਆਂ ਦਿੱਤੀਆਂ ਅਤੇ ਭੱਜ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ।