ਨਵੀਂ ਦਿੱਲੀ/ਚੰਡੀਗੜ੍ਹ, 19 ਜਨਵਰੀ, ਦੇਸ਼ ਕਲਿੱਕ ਬਿਓਰੋ :
ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਨੇਪਾਲ ਅਤੇ ਈਰਾਨ ਵਿਚਕਾਰ ਖੋ-ਖੋ ਵਿਸ਼ਵ ਕੱਪ ਦਾ ਇੱਕ ਰੋਮਾਂਚਕ ਸੈਮੀਫਾਈਨਲ ਮੈਚ ਦੇਖਣ ਨੂੰ ਮਿਲਿਆ। ਇਸ ਸਮਾਗਮ ਵਿੱਚ ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਦੌਰਾਨ, ਸ਼੍ਰੀ ਕਟਾਰੀਆ ਨੇ ਦੋਵਾਂ ਟੀਮਾਂ ਦੇ ਖਿਡਾਰੀਆਂ ਦੇ ਹੁਨਰ, ਸਮਰਪਣ ਅਤੇ ਖੇਡ ਭਾਵਨਾ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਵਿੱਚ ਮਹੱਤਵਪੂਰਨ ਥਾਂ ਰੱਖਣ ਵਾਲੀ ਰਵਾਇਤੀ ਖੇਡ ਖੋ-ਖੋ ਨੂੰ ਵਿਸ਼ਵਵਿਆਪੀ ਮਾਨਤਾ ਦਿਵਾਉਣ ਵਿੱਚ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਖੋ-ਖੋ ਫੈਡਰੇਸ਼ਨ ਆਫ ਇੰਡੀਆ (ਕੇ.ਕੇ.ਐਫ.ਆਈ.) ਅਤੇ ਇੰਟਰਨੈਸ਼ਨਲ ਖੋ-ਖੋ ਫੈਡਰੇਸ਼ਨ (ਆਈ.ਕੇ.ਕੇ.ਐਫ.) ਦੇ ਪ੍ਰਧਾਨ ਸ਼੍ਰੀ ਸੁਧਾਂਸ਼ੂ ਮਿੱਤਲ ਨੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੂੰ ਸਮਾਗਮ ਦੌਰਾਨ ਸਨਮਾਨਿਤ ਕੀਤਾ ਅਤੇ ਇਸ ਖੇਡ ਲਈ ਉਨ੍ਹਾਂ ਦੇ ਸਮਰਥਨ ਅਤੇ ਉਤਸ਼ਾਹ ਦੀ ਸ਼ਲਾਘਾ ਕੀਤੀ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਕਟਾਰੀਆ ਨੇ ਖੋ-ਖੋ ਵਰਗੀਆਂ ਸਵਦੇਸ਼ੀ ਖੇਡਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉਤਸ਼ਾਹਿਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੇਸ਼ਾਂ ਵਿਚਕਾਰ ਏਕਤਾ, ਖੇਡ ਭਾਵਨਾ ਅਤੇ ਅੰਤਰ-ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਵਿੱਚ ਅਜਿਹੇ ਟੂਰਨਾਮੈਂਟਾਂ ਦੀ ਭੂਮਿਕਾ ਉਜਾਗਰ ਕੀਤਾ ।
ਸ਼੍ਰੀ ਕਟਾਰੀਆ ਨੇ ਕਿਹਾ, ‘ਖੋ -ਖੋ ਵਿਸ਼ਵ ਕੱਪ ਦੁਨੀਆ ਭਰ ਵਿੱਚ ਇਸ ਰਵਾਇਤੀ ਖੇਡ ਦੀ ਵੱਧਦੀ ਪ੍ਰਸਿੱਧੀ ਦਾ ਪ੍ਰਮਾਣ ਹੈ। ਇਸ ਤਰ੍ਹਾਂ ਦੇ ਸਮਾਗਮ ਨਾ ਸਿਰਫ਼ ਐਥਲੈਟਿਕ ਉੱਤਮਤਾ ਦਾ ਜਸ਼ਨ ਮਨਾਉਂਦੇ ਹਨ ਬਲਕਿ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਵੀ ਮਜ਼ਬੂਤ ਕਰਦੇ ਹਨ,’’
ਨੇਪਾਲ ਅਤੇ ਈਰਾਨ ਵਿਚਕਾਰ ਸੈਮੀਫਾਈਨਲ ਮੈਚ ਨੇ ਦਰਸ਼ਕਾਂ ਨੂੰ ਕੀਲ ਕੇ ਰੱਖਿਆ, ਦੋਵਾਂ ਟੀਮਾਂ ਨੇ ਅਸਾਧਾਰਨ ਪ੍ਰਤਿਭਾ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ। ਸਮਰਥਕਾਂ ਨੇ ਆਪਣੇ ਮਨਪਸੰਦ ਖਿਡਾਰੀਆਂ ਲਈ ਤਾੜੀਆਂ ਵਜਾਈਆਂ ਜਿਸ ਨਾਲ ਮਾਹੌਲ ਹੋਰ ਉਤਸ਼ਾਹ ਨਾਲ ਭਰ ਗਿਆ।
ਖੋ -ਖੋ ਵਿਸ਼ਵ ਕੱਪ ਨੌਜਵਾਨ ਐਥਲੀਟਾਂ ਨੂੰ ਪ੍ਰੇਰਿਤ ਕਰਨ ਅਤੇ ਅੰਤਰਰਾਸ਼ਟਰੀ ਪਲੇਟਫਾਰਮ ’ਤੇ ਭਾਰਤ ਦੀਆਂ ਅਮੀਰ ਖੇਡ ਪਰੰਪਰਾਵਾਂ ਨੂੰ ਪ੍ਰਫੁੱਲਿਤ ਕਰਦਾ ਰਹੇਗਾ।