ਫਰੀਦਾਬਾਦ, 19 ਜਨਵਰੀ, ਦੇਸ਼ ਕਲਿੱਕ ਬਿਓਰੋ :
ਹਰਿਆਣਾ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਨੇ ਘਰ ਵਿੱਚ ਵੜ੍ਹ ਕੇ ਲੱਖਾਂ ਰੁਪਏ ਦੇ ਸਿਰ ਦੇ ਵਾਲ ਚੋਰੀ ਕਰ ਲਏ। ਇਹ ਮਾਮਲਾ ਫਰੀਦਾਬਾਦ ਦਾ ਹੈ। ਮਿਲੀ ਜਾਣਕਾਰੀ ਅਨੁਸਾਰ ਫਰੀਦਾਬਾਦ ਦੇ ਸੈਕਟਰ 17 ਥਾਣਾ ਖੇਤਰ ਵਿੱਚ ਰਹਿਣ ਵਾਲੇ ਵਿਅਕਤੀ ਰਣਜੀਤ ਮੰਡਲ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ ਕਿ ਉਸਦੇ ਘਰੋਂ ਇਨਸਾਨ ਦੇ ਲੱਖਾਂ ਰੁਪਏ ਦੇ ਬਾਲ ਚੋਰੀ ਹੋ ਗਏ ਹਨ। ਮੂਲ ਰੂਪ ਵਿੱਚ ਪੱਛਮੀ ਬੰਗਾਲ ਦੇ ਰਹਿਣ ਵਾਲੇ ਰਣਜੀਤ ਨੇ ਕਿਹਾ ਕਿ ਸੈਕਟਰ 16 ਅੰਦਰ ਆਉਂਦੇ ਪਿੰਡ ਦੌਲਤਾਬਾਦ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਅਤੇ ਕਿੱਤੇ ਵਜੋਂ ਇਨਸਾਨ ਦੇ ਬਾਲਾਂ ਦਾ ਵਪਾਰ ਕਰਦਾ ਹੈ।
ਉਸਨੇ ਕਿਹਾ ਕਿ 14 ਜਨਵਰੀ ਨੂੰ ਉਸਨੇ 5 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਭਾਅ ਨਾਲ ਕਰੀਬ 150 ਕਿਲੋ ਬਾਲ ਖਰੀਦੇ ਸਨ। ਇਹ ਬਾਲ ਆਪਣੇ ਘਰ ਵਿੱਚ ਹੀ ਰੱਖੇ ਸਨ। ਇਨ੍ਹਾਂ ਬਾਲਾਂ ਵਿੱਚ ਉਸਨੇ 2 ਲੱਖ 13 ਹਜ਼ਾਰ ਰੁਪਏ ਵੀ ਰੱਖੇ ਸਨ। ਉਸਨੇ ਸ਼ਿਕਾਇਤ ਵਿੱਚ ਕਿਹਾ ਕਿ ਰਾਤ ਨੂੰ ਚੋਰ ਘਰ ਵਿੱਚ ਦਾਖਲ ਹੋਏ ਅਤੇ ਬਾਲਾਂ ਦੇ 4 ਬੋਰੇ ਲੈ ਕੇ ਫਰਾਰ ਹੋ ਗਏ, ਜਿਨ੍ਹਾਂ ਦਾ ਵਜ਼ਨ ਕਰੀਬ 110 ਕਿਲੋ ਸੀ।
ਰਣਜੀਤ ਨੇ ਦੱਸਿਆ ਕਰੀਬ 7 ਲੱਖ ਰੁਪਏ ਤੋਂ ਜ਼ਿਆਦਾ ਸਾਮਾਨ ਅਤੇ ਨਗਦ ਚੋਰੀ ਹੋ ਗਿਆ ਹੈ। ਚੋਰਾਂ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਬੋਰੇ ਚੁੱਕ ਕੇ ਲਿਜਾ ਰਹੇ ਹਨ। ਫਰੀਦਾਬਾਦ ਪੁਲਿਸ ਨੇ ਸੀਸੀਟੀਵੀ ਵੀਡੀਓ ਦੇਖ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਰਣਜੀਤ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕਰ ਲਿਆ ਹੈ।