CM ਭਗਵੰਤ ਮਾਨ ਵੱਲੋਂ ਪੰਜਾਬ ਦੀਆਂ ਔਰਤਾਂ ਲਈ ਖੁਸ਼ਖਬਰੀ
ਮੋਗਾ: 19 ਜਨਵਰੀ, ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਜਲਦੀ ਹੀ ਪੰਜਾਬ ਦੀਆਂ ਔਰਤਾਂ ਨੂੰ 1100 ਰੁਪਏ ਦੇਣ ਦੀ ਯੋਜਨਾ ਸ਼ੁਰੂ ਕਰੇਗੀ। ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੋਗਾ ਵਿੱਚ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਬਜਟ ਵਿੱਚ ਇਸ ਲਈ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਦਿੱਲੀ ਵਿੱਚ ਕੀਤੇ ਵਾਅਦੇ ਵੀ ਪੂਰੇ ਕੀਤੇ ਹਨ। ਪੰਜਾਬ ਵਿੱਚ ਵੀ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਥੇ ਐਤਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀ.ਏ.ਸੀ.) ਦੇ ਵਿਸਥਾਰ ਦਾ ਨੀਂਹ ਪੱਥਰ ਰੱਖਿਆ। ਇਮਾਰਤ ਦੀ ਤੀਜੀ ਅਤੇ ਚੌਥੀ ਮੰਜ਼ਿਲ ਦੀ ਉਸਾਰੀ ਵਾਲੇ ਇਸ ਪ੍ਰਾਜੈਕਟ ਉੱਤੇ 10.31 ਕਰੋੜ ਰੁਪਏ ਦੀ ਲਾਗਤ ਆਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਜ਼ਿਲ੍ਹੇ ਲਈ ਇਤਿਹਾਸਕ ਦਿਨ ਹੈ ਕਿਉਂਕਿ ਅੱਜ ਡੀ.ਏ.ਸੀ. ਦੇ ਬਲਾਕ ਬੀ ਵਿੱਚ ਦੋ ਮੰਜ਼ਿਲਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਡੀ.ਏ.ਸੀ. ਦੀ ਇਮਾਰਤ ਵਿੱਚ ਚਾਰ ਬਲਾਕ ਸ਼ਾਮਲ ਹਨ, ਇਨ੍ਹਾਂ ਵਿੱਚ ਏ ਬਲਾਕ, ਬੀ ਬਲਾਕ, ਸੀ ਬਲਾਕ ਅਤੇ ਡੀ ਬਲਾਕ ਦਾ ਨਿਰਮਾਣ 2004 ਵਿੱਚ ਕੀਤਾ ਗਿਆ ਸੀ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਵੱਖ-ਵੱਖ ਦਫ਼ਤਰਾਂ ਨੂੰ ਦਰਪੇਸ਼ ਜਗ੍ਹਾ ਦੀ ਕਮੀ ਨੂੰ ਦੂਰ ਕਰਨ ਲਈ ਅਤੇ ਕੁਝ ਸਰਕਾਰੀ ਦਫ਼ਤਰ ਜੋ ਹੋਰ ਥਾਵਾਂ ਤੋਂ ਚਲਾਏ ਜਾ ਰਹੇ ਹਨ, ਨੂੰ ਤਬਦੀਲ ਕਰਨ ਲਈ ਦੋ ਮੰਜ਼ਿਲਾਂ ਬਣਾਈਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਇਸ ਸਾਲ ਅਗਸਤ ਤੱਕ ਲਗਪਗ ਅੱਠ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋਵੇਂ ਮੰਜ਼ਿਲਾਂ ‘ਤੇ ਕੁੱਲ 48 ਕਮਰੇ ਬਣਾਏ ਜਾਣਗੇ ਅਤੇ ਦੋਵਾਂ ਮੰਜ਼ਿਲਾਂ ‘ਤੇ ਪੁਰਸ਼ਾਂ ਅਤੇ ਔਰਤਾਂ ਲਈ ਵੱਖ-ਵੱਖ ਟਾਇਲਟ ਬਲਾਕ ਦਾ ਪ੍ਰਬੰਧ ਹੋਵੇਗਾ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਕੰਪਲੈਕਸ ਵਿੱਚ 13 ਵਿਅਕਤੀਆਂ ਦੇ ਢੋਆ-ਢੁਆਈ ਦੀ ਸਮਰੱਥਾ ਵਾਲੀ ਨਵੀਂ ਲਿਫਟ ਲਗਾਈ ਜਾਵੇਗੀ ਅਤੇ ਦੋਵਾਂ ਮੰਜ਼ਿਲਾਂ ‘ਤੇ ਸੁਰੱਖਿਆ ਲਈ ਸੀ.ਸੀ.ਟੀ.ਵੀ. ਕੈਮਰਾ ਸਿਸਟਮ ਹੋਵੇਗਾ।