ਟਰੰਪ ਨੇ ਮੋਦੀ ਨੂੰ ਆਪਣੇ ਸਹੁੰ ਚੁੱਕ ਸਮਾਗਮ ‘ਚ ਨਾ ਬੁਲਾ ਕੇ ਲਿਆ ਕਿਹੜਾ ਬਦਲਾ?
ਚੰਡੀਗੜ੍ਹ: 19 ਜਨਵਰੀ, ਦੇਸ਼ ਕਲਿੱਕ ਬਿਓਰੋ
ਕੱਲ੍ਹ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਵੱਲੋਂ ਕੀਤੇ ਜਾ ਰਹੇ ਸਹੁੰ ਚੁੱਕ ਸਮਾਗਮ ‘ਚ ਟਰੰਪ ਨੇ ਆਪਣੇ ”ਪੱਕੇ” ਮਿੱਤਰ ਨਰਿੰਦਰ ਮੋਦੀ ਨੂੰ ਨਹੀਂ ਬੁਲਾਇਆ ।
ਹਾਲਾਂਕਿ ਦੁਨੀਆਂ ਭਰ ਦੇ ਮੁਖੀਆਂ ਨੂੰ ਇਸ ਸਮਾਗਮ ‘ਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ ਪਰ ਟਰੰਪ ਨੇ ਨਰਿੰਦਰ ਮੋਦੀ ਨੂੰ ਇਸ ਸਮਾਗਮ ਵਿੱਚ ਨਹੀਂ ਬੁਲਾਇਆ ਜਦੋਂ ਕਿ ਭਾਰਤ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਦੁਨੀਆਂ ਦੇ ਛੋਟੇ ਛੋਟੇ ਮੁਲਕਾਂ ਦੇ ਮੁਖੀਆਂ ਤੋਂ ਲੈ ਕੇ ਵੱਡੇ ਦੇਸ਼ਾਂ ਫਰਾਂਸ, ਇਟਲੀ, ਇੱਥੋਂ ਤੱਕ ਕੇ ਆਪਣੇ ਵਿਰੋਧੀ ਮੰਨੇ ਜਾਂਦੇ ਚੀਨ ਦੇ ਰਾਸ਼ਟਰਪਤੀ ਸੀ ਜਿਨ ਪਿੰਗ ਨੂੰ ਵੀ ਬੁਲਾਇਆ ਹੈ ਪਰ ਸੀ ਨੇ ਅਮਰੀਕਾ ਦਾ ਸੱਦਾ ਪ੍ਰਵਾਨ ਕਰਦਿਆਂ ਕਿਹਾ ਹੈ ਕਿ ਉਹ ਖੁਦ ਆਪ ਨਹੀਂ ਆ ਸਕਣਗੇ ਪਰ ਉਨ੍ਹਾਂ ਦਾ ਨੁਮਾਇੰਦਾ ਜ਼ਰੂਰ ਆਵੇਗਾ।
ਟਰੰਪ ਨੇ ਨਰਿੰਦਰ ਮੋਦੀ ਨੂੰ ਕਿਉਂ ਨਹੀਂ ਬੁਲਾਇਆ ਦੀ ਕਹਾਣੀ ਦੱਸਣ ਤੋਂ ਪਹਿਲਾਂ ਇਹ ਵੀ ਦੱਸਣਾ ਜਰੂਰੀ ਹੈ ਕਿ ਮੋਦੀ ਨੂੰ ਸੱਦਾ ਨਾ ਦੇਣ ਕਾਰਨ ਉਨ੍ਹਾਂ ਦੀ ਹੋ ਰਹੀ ਬੇਇੱਜ਼ਤੀ ਦੀ ਵੀ ਖੂਬ ਚਰਚਾ ਹੈ। ਭਾਰਤ ਦੇ ਮਕੇਸ਼ ਅੰਬਾਨੀ ਤੇ ਉਹਨਾਂ ਦੀ ਪਤਨੀ ਅਨੀਤਾ ਅੰਬਾਨੀ ਵੀ ਅੱਜ ਟਰੰਪ ਨੂੰ ਮਿਲ ਚੁੱਕੇ ਹਨ।
ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ ਟਰੰਪ ਵੱਲੋਂ ਮੋਦੀ ਨੂੰ ਨਾ ਬੁਲਾਉਣਾ ਉਸ ਲਈ ਭਾਰੀ ਸ਼ਰਮਿੰਦਗੀ ਦੀ ਗੱਲ ਹੈ ਹਾਲਾਂਕਿ ਮੋਦੀ ਨੇ ਆਪਣੀ ਇੱਕ ਏਲਚੀ ਰਾਹੀਂ ਅਮਰੀਕੀ ਪ੍ਰਸ਼ਾਸ਼ਨ ਨੂੰ ਮਿਲ ਕੇ ਇਹ ਸੱਦਾ ਭੇਜਣ ਲਈ ਅਮਰੀਕਾ ਵੀ ਭੇਜਿਆ ਸੀ ਪਰ ਟਰੰਪ ਨੇ ਮੋਦੀ ਦੀ ਥਾਂ ਭਾਰਤ ਨੂੰ ਹੀ ਸੱਦਾ ਭੇਜਿਆ ਹੈ ਅਤੇ ਹੁਣ ਇਸ ਸਮਾਗਮ ਵਿਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਹੀ ਜਾ ਰਹੇ ਹਨ।
ਮੋਦੀ ਨੂੰ ਟਰੰਪ ਨੇ ਕਿਉਂ ਨਹੀਂ ਬੁਲਾਇਆ ,ਹੁਣ ਇਸ ਦੀ ਗੱਲ ਕਰਦੇ ਹਾਂ। ਪਿਛਲੇ ਸਾਲ ਅਮਰੀਕਾ ‘ਚ ਰਾਸ਼ਟਰਪਤੀ ਦੀ ਚੋਣ ‘ਚ ਡੈਮੋਕਰੇਟਿਕ ਪਾਰਟੀ ਵੱਲੋਂ ਭਾਰਤੀ ਮੂਲ ਦੀ ਨੇਤਾ ਕਮਲਾ ਹੈਰਿਸ ਖੜ੍ਹੇ ਸਨ। 10 ਸਤੰਬਰ 2024 ਨੂੰ ਅਮਰੀਕੀ ਟੈਲੀਵਿਜ਼ਨ ਉੱਤੇ ਦੋਵੇਂ ਲੀਡਰਾਂ ਦੀ ਬਹਿਸ ‘ਚ ਸਾਰੇ ਅਮਰੀਕਾ ‘ਚ ਇਹ ਸੁਨੇਹਾਂ ਗਿਆ ਕਿ ਅਗਲੇ ਰਾਸ਼ਟਰਪਤੀ ਦੀ ਚੋਣ ਕਮਲਾ ਹੈਰਿਸ ਜਿੱਤ ਜਾਣਗੇ। ਸਬੱਬ ਨਾਲ 21 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਆਡ ਮੀਟਿੰਗ ‘ਚ ਗਏ ( ਭਾਰਤ , ਅਮਰੀਕਾ, ਜਪਾਨ ਤੇ ਆਸਟ੍ਰੇਲੀਆ ਦਾ ਚੀਨ ਤੇ ਰੂਸ ਵਿਰੋਧੀ ਸੰਗਠਨ) ਜਿੱਥੇ ਉਹ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਮਿਲੇ । ਅਗਲੇ ਦਿਨ ਟਰੰਪ ਨੇ ਮੋਦੀ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਮੇਰੇ ਗੂੜੇ ਮਿੱਤਰ ਹਨ। ਮੈਂ ਉਨ੍ਹਾਂ ਨੂੰ ਮਿਲਣਾ ਚਾਹਾਂਗਾ। ਮੋਦੀ 21 ਸਤੰਬਰ ਤੋਂ ਬਾਅਦ 22 ਸਤੰਬਰ ਨੂੰ ਭਾਰਤੀ ਭਾਈਚਾਰੇ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਨ ਵੀ ਚਲੇ ਗਏ। ਪਰ ਉਹ ਇਸ ਡਰੋਂ , ਕਿ ਇਸ ਵਾਰ ਕਮਲਾ ਹੈਰਿਸ ਜਿੱਤ ਜਾਵੇਗੀ ਤੇ ਟਰੰਪ ਹਾਰੇਗਾ, ਜਿਸ ਕਾਰਨ ਉਹ ਟਰੰਪ ਨੂੰ ਮਿਲਣ ਨਾ ਗਏ ਤੇ ਬਿਨਾਂ ਮਿਲੇ ਵਾਪਿਸ ਭਾਰਤ ਪਰਤ ਆਏ। ਹਾਲਾਂਕਿ ਪਹਿਲੀ ਚੋਣ ਵੇਲੇ ਮੋਦੀ ਟਰੰਪ ਦੀ ਰੈਲੀ ‘ਚ ਮਿਲ ਕੇ ‘ਇਸ ਵਾਰ ਟਰੰਪ ਸਰਕਾਰ‘ ਦੇ ਨਾਹਰੇ ਲਾ ਕੇ ਆਏ ਸਨ ਅਤੇ ਟਰੰਪ ਦੀ ਭਾਰਤ ਯਾਤਰਾ ਦੌਰਾਨ ਟਰੰਪ ਨੇ ਵੀ ਮੋਦੀ ਦੀ ਵਧਵੀਂ ਪ੍ਰਸੰਸਾ ਕੀਤੀ ਸੀ।
ਬੱਸ ਇਹੀ ਗੁੱਸਾ ਹੁਣ ਟਰੰਪ ਨੇ ਮੋਦੀ ਨੂੰ ਨਾ ਬੁਲਾ ਕੇ ਕੱਢਿਆ ਹੈ।