ਐੱਸ.ਏ.ਐੱਸ. ਨਗਰ 20 ਜਨਵਰੀ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵ-ਨਿਯੁਕਤ ਕੰਟਰੋਲਰ ਸ਼੍ਰੀ ਲਵਿਸ਼ ਚਾਵਲਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11, ਨੇ ਅੱਜ ਸੋਮਵਾਰ ਨੂੰ ਪੂਰਵ ਦੁਪਹਿਰ ਕੰਟਰੋਲਰ ਵਜੋਂ ਅਹੁਦਾ ਸੰਭਾਲ ਲਿਆ ਹੈ। ਸ਼੍ਰੀ ਲਵਿਸ਼ ਚਾਵਲਾ ਦੇ ਸੁਆਗਤ ਲਈ ਬੋਰਡ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
ਸ਼੍ਰੀ ਲਵਿਸ਼ ਚਾਵਲਾ ਮੰਨੇ ਪ੍ਰਮੰਨੇ ਸਿੱਖਿਆ ਸ਼ਾਸਤਰੀ ਅਤੇ ਸਿੱਖਿਆ ਮਾਹਿਰ ਹਨ। ਸਿੱਖਿਆ ਦੇ ਖੇਤਰ ਵਿੱਚ ਆਪ ਜੀ ਦਾ ਲਗਭਗ 20-22 ਸਾਲ ਦਾ ਤਜ਼ਰਬਾ ਹੈ। ਸ਼੍ਰੀ ਲਵਿਸ਼ ਚਾਵਲਾ ਨੇ ਸਾਲ 2006 ਵਿੱਚ ਆਪਣੇ ਸਰਵਿਸ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ 2019 ਤੋਂ ਬਤੌਰ ਪ੍ਰਿੰਸੀਪਲ ਫੇਜ਼-11 ਵਿੱਚ ਸੇਵਾਵਾਂ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਸ਼੍ਰੀ ਚਾਵਲਾ ਡਾਇਟ ਪ੍ਰਿੰਸੀਪਲ ਰੋਪੜ, ਸਹਾਇਕ ਡਾਇਰੈਕਟਰ ਸਿੱਖਿਆ ਵਿਭਾਗ ਅਤੇ ਆਪਣੇ ਸਰਵੀਸ ਕੈਰੀਅਰ ਦੌਰਾਨ ਸ਼੍ਰੀ ਅੰਮ੍ਰਿਤਸਰ ਸਾਹਿਬ, ਤਰਨ-ਤਾਰਨ, ਕਪੂਰਥਲਾ, ਨਵਾਂ ਸ਼ਹਿਰ, ਰੋਪੜ ਅਤੇ ਚੰਡੀਗੜ੍ਹ ਵਰਗੇ ਜ਼ਿਲ੍ਹਿਆਂ ਦੇ ਵੱਖ-ਵੱਖ ਸਕੂਲਾਂ ਵਿੱਚ ਵੀ ਸੇਵਾ ਨਿਭਾਅ ਚੁੱਕੇ ਹਨ। ਅਜਿਹੀ ਸੁਲਝੀ ਹੋਈ ਅਤੇ ਸੂਝਵਾਨ ਸਖ਼ਸ਼ੀਅਤ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਬਤੌਰ ਕੰਟਰੋਲਰ ਨਿਯੁਕਤੀ ਇੱਕ ਸ਼ੁੱਭ ਸੰਕੇਤ ਹੈ।
ਸ਼੍ਰੀ ਲਵਿਸ਼ ਚਾਵਲਾ ਨੇ ਆਪਣੀ ਇਸ ਨਿਯੁਕਤੀ ਲਈ ਸਿੱਖਿਆ ਮੰਤਰੀ, ਸਕੱਤਰ ਸਕੂਲ ਸਿੱਖਿਆ, ਡੀ.ਪੀ.ਆਈ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਸੂਬੇ ਦਾ ਇੱਕ ਬਹੁਤ ਹੀ ਅਹਿਮ ਅਦਾਰਾ ਹੈ। ਸਿੱਖਿਆ ਬੋਰਡ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਆਉਂਦੇ ਸਮੇਂ ਵਿੱਚ ਬੋਰਡ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਹੱਲ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅੱਠਵੀਂ, ਦਸਵੀਂ ਅਤੇ ਬਾਰਵੀਂ ਸ਼੍ਰੇਣੀਆਂ ਦੀਆਂ ਅਕਾਦਮਿਕ ਸਾਲ 2025 ਵਿੱਚ ਹੋਣ ਜਾ ਰਹੀਆਂ ਪਰੀਖਿਆਵਾਂ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤੇ ਸਮੂਚੇ ਪ੍ਰਬੰਧਾਂ ਤੇ ਵੀ ਸਖ਼ਤ ਨਜ਼ਰ ਰੱਖੀ ਜਾਵੇਗੀ।
ਸ਼੍ਰੀ ਲਵਿਸ਼ ਚਾਵਲਾ ਕੰਟਰੋਲਰ ਪ੍ਰੀਖਿਆਵਾਂ ਜੀ ਦੇ ਜੋਆਈਨਿੰਗ ਮੌਕੇ, ਉਪ ਸਕੱਤਰ ਸ਼੍ਰੀ ਗੁਰਤੇਜ ਸਿੰਘ, ਉੱਪ ਸਕੱਤਰ ਸ਼੍ਰੀਮਤੀ ਅਮਰਜੀਤ ਕੌਰ ਦਾਲਮ ਉੱਪ ਸਕੱਤਰ ਗੁਰਮੀਤ ਕੌਰ,ਇੰਚਾਰਜ ਪੀ.ਆਰ.ਓ ਸ਼੍ਰੀ ਹਰਮਨਜੀਤ ਸਿੰਘ, ਨਿੱਜੀ ਸਹਾਇਕ ਟੂ ਸਕੱਤਰ ਸ੍ਰੀਮਤੀ ਮਨਦੀਪ ਕੌਰ ਤੋਂ ਇਲਾਵਾ ਡਾ.ਗਿੰਨੀ ਦੁਗੱਲ ਜ਼ਿਲ੍ਹਾ ਸਿੱਖਿਆ ਅਫਸਰ (ਮੋਹਾਲੀ), ਸ਼੍ਰੀ ਮੇਹਸ਼ ਕਪਿਲ ਸਹਾਇਕ ਡਾਇਰੈਕਟਰ ਸਿੱਖਿਆ ਵਿਭਾਗ, ਸ.ਅੰਗਰੇਜ਼ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਮੋਹਾਲੀ), ਸ. ਗੁਰਸੇਵਕ ਸਿੰਘ ਡੀ.ਐੱੋਸ.ਐੱਮ ਅਤੇ ਕਰਮਚਾਰੀ ਐਸੋਸੀਏਸ਼ਨ ਦੇ ਨੁਮਾਇੰਦੇ ਹਾਜ਼ਰ ਸਨ।