ਜਗਰਾਉਂ: 20 ਜਨਵਰੀ, ਦੇਸ਼ ਕਲਿੱਕ ਬਿਓਰੋ
ਵਿਧਾਨ ਸਭਾ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਬੇਟ ਇਲਾਕੇ ਦੇ ਪਿੰਡ ਕਾਕੜ ਵਿਖੇ ਖੇਡ ਗਰਾਊਂਡ ਦਾ ਉਦਘਾਟਨ ਕੀਤਾ ਗਿਆ। ਇਹ ਖੇਡ ਗਰਾਊਂਡ 37 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਗਰਾਊਂਡ ਵਿੱਚ ਖੇਡਣ ਲਈ ਫੁੱਟਬਾਲ, ਕਬੱਡੀ, ਵਾਲੀਬਾਲ, ਕ੍ਰਿਕਟ ਆਦਿ ਖੇਡਾਂ ਦੇ ਖਿਡਾਰੀਆਂ ਨੂੰ ਵੱਡੀ ਸਹੂਲਤ ਮਿਲੀ ਹੈ। ਇਸ ਮੌਕੇ ਬੋਲਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਨੌਜੁਆਨਾਂ ਦਾ ਮੂੰਹ ਨਸ਼ਿਆਂ ਵਾਲੇ ਪਾਸੇ ਤੋਂ ਮੋੜਕੇ ਖੇਡਾਂ ਵਾਲੇ ਪਾਸੇ ਲਗਾਉਣ ਅਤੇ ਖਿਡਾਰੀਆਂ ਦਾ ਮਨੋਬਲ ਉਚਾ ਚੁੱਕਾ ਲਈ ਪੰਜਾਬ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਲਈ ਵੱਧ ਤੋਂ ਵੱਧ ਪਿੰਡਾਂ ਵਿੱਚ ਖੇਡ ਗਰਾਊਂਡ ਬਣਾਏ ਜਾ ਰਹੇ ਹਨ, ਤਾਂ ਜੋ ਸਾਡੇ ਪਿੰਡਾਂ ਦੇ ਗੱਭਰੂ ਖੇਡਾਂ ਖੇਡ ਕੇ ਆਪਣੀ ਸਿਹਤ ਨਰੋਈ ਬਣਾ ਸਕਣ ਅਤੇ ਖੇਡ ਮੈਦਾਨਾਂ ਵਿੱਚ ਵੱਖ ਵੱਖ ਖੇਡਾਂ ਦੀ ਤਿਆਰੀ ਕਰਕੇ ਮੁਕਾਬਲੇ ਜਿੱਤ ਸਕਣ ਅਤੇ ਆਪਣੇ ਪਿੰਡ ਤੇ ਮਾਂ-ਬਾਪ ਦਾ ਨਾਮ ਰੌਸ਼ਨ ਕਰ ਸਕਣ। ਬੀਬੀ ਮਾਣੂੰਕੇ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ ਦੇਸ਼ਾਂ-ਵਿਦੇਸ਼ਾਂ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵੱਡੇ ਇਨਾਮ ਤਕਸੀਮ ਕੀਤੇ ਗਏ ਹਨ ਅਤੇ ਕਰੋੜਾਂ ਰੁਪਏ ਖਿਡਾਰੀਆਂ ਦੇ ਖਾਤਿਆਂ ਵਿੱਚ ਪਾਏ ਗਏ ਹਨ, ਤਾਂ ਜੋ ਨਵੇਂ ਬਣ ਰਹੇ ਖੇਡ ਗਰਾਊਂਡ ਵਿੱਚ ਨਵੇਂ ਮੁੰਡੇ-ਕੁੜੀਆਂ ਦੀ ਦਿਲ-ਚਸਪੀ ਵੱਧ ਸਕੇ ਅਤੇ ਉਹ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰ ਸਕਣ ਅਤੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਤੱਕ ਦੇਸ਼ ਦਾ ਨਾਮ ਰੌਸ਼ਨ ਕਰਨ। ਬੀਬੀ ਮਾਣੂੰਕੇ ਨੇ ਆਖਿਆ ਕਿ ਉਹਨਾਂ ਵੱਲੋਂ ਲਗਾਤਾਰ ਉਪਰਾਲੇ ਕਰਕੇ ਜਗਰਾਉਂ ਹਲਕੇ ਦੇ ਵਿਕਾਸ ਕਰਵਾਏ ਜਾ ਰਹੇ ਹਨ ਅਤੇ ਬੇਟ ਇਲਾਕੇ ਦੇ ਪਿੰਡ ਗਿੱਦੜਵਿੰਡੀ ਵਿਖੇ ਸਵਾ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਦਾ ਨਵਾਂ 66 ਕੇਵੀ ਗਰਿੱਡ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਸਿੱਧਵਾਂ ਬੇਟ 66 ਕੇਵੀ ਗਰਿੱਡ ਲਈ ਵੱਖਰੀ 66 ਕੇਵੀ ਲਾਈਨ ਵੀ ਕੱਢੀ ਜਾ ਚੁੱਕੀ ਹੈ। ਇਸ ਨਾਲ ਬੇਟ ਇਲਾਕੇ ਵਿੱਚ ਬਿਜਲੀ ਦੀ ਵੱਡੀ ਸਮੱਸਿਆ ਦਾ ਹੱਲ ਹੋਵੇਗਾ। ਬੀਬੀ ਮਾਣੂੰਕੇ ਨੇ ਆਖਿਆ ਕਿ ਬੇਟ ਇਲਾਕੇ ਦੀਆਂ ਰਿਪੇਅਰ ਹੋਣ ਵਾਲੀਆਂ ਸੜਕਾਂ ਅਤੇ ਨਵੀਆਂ ਸੜਕਾਂ ਜ਼ਲਦੀ ਹੀ ਬਣਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਪਿੰਡ ਪੱਤੀ ਮੁਲਤਾਨੀ ਵਿਖੇ ‘ਵੈਲਨੈਂਸ ਸੈਂਟਰ’ ਦੀ ਬਿਲਡਿੰਗ ਤਿਆਰ ਹੋ ਚੁੱਕੀ ਹੈ, ਜਿੱਥੇ ਲੋਕਾਂ ਨੂੰ ਸਿਹਤ ਸਬੰਧੀ ਸਹੂਲਤਾਂ ਮਿਲਣਗੀਆਂ। ਇਸ ਮੌਕੇ ਏ.ਪੀ.ਓ.ਨਰੇਗ ਜਸਵੀਰ ਸਿੰਘ, ਪਰਮਾਤਮਾਂ ਸਿੰਘ ਟੀ.ਏ, ਗੁਰਚਰਨ ਸਿੰਘ ਬੀ.ਆਰ.ਐਸ, ਹੇਮੰਤ ਸ਼ਰਮਾਂ, ਅਵਤਾਰ ਸਿੰਘ ਤਿਹਾੜਾ, ਸਰਪੰਚ ਕੁਲਦੀਪ ਕੌਰ, ਜਿੰਦਰਪਾਲ ਸਿੰਘ, ਸਰਪੰਚ ਅਮਨਦੀਪ ਕੌਰ, ਰਾਜਦੀਪ ਸਿੰਘ, ਤੇਜਿੰਦਰਪਾਲ ਸਿੰਘ ਹਨੀ, ਪੰਚ ਭੁਪਿੰਦਰ ਸਿੰਘ, ਪੰਚ ਸੁਰਜੀਤ ਸਿੰਘ, ਪੰਚ ਸੁਖਦੇਵ ਸਿੰਘ, ਡਾ.ਅਵਤਾਰ ਸਿੰਘ ਪੰਚ, ਹਰਦੀਪ ਸਿੰਘ ਲਾਲੀ ਪੰਚ, ਸੰਦੀਪ ਸਿੰਘ ਗੋਲੂ, ਅੰਗਰੇਜ਼ ਸਿੰਘ ਗੇਜ਼ਾ, ਬਿੱਕਰ ਸਿੰਘ, ਦਰਸ਼ਨ ਸਿੰਘ, ਹੈਡ ਮਾਸਟਰ ਬਲਬਹਾਦਰ ਸਿੰਘ ਆਦਿ ਵੀ ਹਾਜ਼ਰ ਸਨ।