ਬਲਜੀਤ ਸਿੰਘ ਦਾਦੂਵਾਲ ਚੋਣ ਹਾਰੇ
ਚੰਡੀਗੜ੍ਹ, 20 ਜਨਵਰੀ, ਦੇਸ਼ ਕਲਿੱਕ ਬਿਓਰੋ :
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਹੋਈਆਂ ਚੋਣਾਂ ਵਿੱਚ ਜਗਦੀਸ਼ ਸਿੰਘ ਝੀਂਡਾ ਧੜਾ ਵੱਡਾ ਧੜਾ ਬਣ ਕੇ ਉਭਰਿਆ ਹੈ। ਝੀਂਡਾ ਧੜੇ ਦੇ ਜ਼ਿਆਦਾਤਰ ਉਮੀਦਵਾਰ ਆਪਣੀ ਜਿੱਤ ਦਰਜ ਕਰਾਉਣ ਵਿੱਚ ਸਫਲ ਰਹੇ। ਸੰਤ ਬਲਜੀਤ ਸਿੰਘ ਦਾਦੂਵਾਲ ਚੋਣ ਹਾਰ ਗਏ।
ਬੀਤੇ ਕੱਲ੍ਹ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਪਈਆਂ। ਪੂਰੇ ਸੂਬੇ ਵਿੱਚ 22 ਜ਼ਿਲ੍ਹਿਆਂ ਨੂੰ 40 ਵਾਰਡਾਂ ਵਿਚ ਵੰਡਿਆ ਗਿਆ ਸੀ। ਕਮੇਟੀ ਦੀ ਚੋਣ ਵਿਚ 69.37 ਫ਼ੀਸਦੀ ਵੋਟਿੰਗ ਹੋਈ ਹੈ। ਸਭ ਤੋਂ ਵੱਧ 78.56 ਫ਼ੀਸਦੀ ਵੋਟਿੰਗ ਡਬਵਾਲੀ ਵਿਚ ਹੋਈ ਜਦਕਿ ਰਤੀਆ ਵਿਚ 76.11 ਫ਼ੀਸਦੀ ਵੋਟਾਂ ਪਈਆਂ। ਰਤਨਗੜ੍ਹ ਵਿਚ 74.2, ਕਾਂਗਠਲੀ ਵਿਚ 73.68, ਰਾਣੀਆਂ ਵਿਚ 75.03 ਅਤੇ ਨਾਥੂਸਰੀ ਚੌਪਟਾ ਵਿਚ 76.73 ਫ਼ੀਸਦੀ ਸਿੱਖ ਵੋਟਰਾਂ ਨੇ ਵੋਟਿੰਗ ਹੋਈ। ਦਾਦੂਵਾਲ ਦੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ (ਹਰਿਆਣਾ) ਆਜ਼ਾਦ ਦੇ ਬੈਨਰ ਹੇਠ ਚੋਣ ਲੜੀ ਜਦਕਿ ਝੀਂਡਾ ਦੀ ਟੀਮ ਨੇ ਪੰਥਕ ਦਲ (ਝੀਂਡਾ) ਦੇ ਬੈਨਰ ਹੇਠ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ। ਕਾਇਮਪੁਰੀ ਦੀ ਟੀਮ ਨੇ ਹਰਿਆਣਾ ਸਿੱਖ ਪੰਥਕ ਦਲ ਦੇ ਬੈਨਰ ਹੇਠ ਤਾਲ ਠੋਕੀ ਸੀ ਜਦਕਿ ਦੀਦਾਰ ਸਿੰਘ ਨਲਵੀ ਦੇ ਉਮੀਦਵਾਰ ਸਿੱਖ ਸਿੱਖ ਸਮਾਜ ਸੰਸਥਾ ਦੇ ਉਮੀਦਵਾਰਾਂ ਵਜੋਂ ਮੈਦਾਨ ਵਿਚ ਉਤਰੇ ਸਨ। ਕਾਲਾਂਵਲੀ ਦੇ ਵਾਰਡ 35 ਤੋਂ ਚੋਣ ਲੜਨ ਵਾਲੇ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਹਾਰ ’ਤੇ ਸਿੱਖ ਸੰਗਤ ਹੈਰਾਨੀ ਵਿਚ ਹੈ। ਉਨ੍ਹਾਂ ਦੀ 1771 ਵੋਟਾਂ ਨਾਲ ਹਾਰ ਹੋਈ ਹੈ। ਉਨ੍ਹਾਂ ਨੂੰ ਹਰਾਉਣ ਵਾਲੇ ਐਡਵੋਕੇਟ ਬਿੰਦਰ ਸਿੰਘ ਖ਼ਾਲਸਾ ਦੀ ਉਮਰ ਸਿਰਫ਼ 28 ਸਾਲ ਹੈ। ਖ਼ਾਲਸਾ ਨੂੰ 4814 ਵੋਟਾਂ ਮਿਲੀਆਂ ਹਨ ਜਦਕਿ ਦਾਦੂਵਾਲ ਨੂੰ 3147 ਵੋਟਾਂ ਮਿਲੀਆਂ।
ਜ਼ਿਕਰਯੋਗ ਹੈ ਕਿ 40 ਮੈਂਬਰਾਂ ਦੀ ਚੋਣ ਤੋਂ ਬਾਅਦ ਹੀ ਇਹ ਮੈਂਬਰ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਸਣੇ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਕਰਨਗੇ।