ਚੰਡੀਗੜ੍ਹ, 21 ਜਨਵਰੀ, ਦੇਸ਼ ਕਲਿਕ ਬਿਊਰੋ :
ਪੰਜਾਬ ਸਰਕਾਰ ਦੇ 1993 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਸ਼ਿਵ ਪ੍ਰਸਾਦ ਸਵੈਇੱਛਤ ਸੇਵਾਮੁਕਤੀ (ਵੀਆਰਐਸ) ਲੈਣਗੇ। ਸਰਕਾਰ ਨੇ ਉਨ੍ਹਾਂ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮੇਂ ਉਹ ਪੰਜਾਬ ਦੇ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਵਜੋਂ ਤਾਇਨਾਤ ਹਨ।ਪਹਿਲਾਂ ਉਹ 2030 ਵਿੱਚ ਸੇਵਾਮੁਕਤ ਹੋਣ ਵਾਲੇ ਸਨ।ਹੁਣ ਉਹ ਫਰਵਰੀ ਮਹੀਨੇ ‘ਚ ਸੇਵਾਮੁਕਤ ਹੋ ਸਕਦੇ ਹਨ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਵੀ ਵੀਆਰਐਸ ਲਈ ਅਪਲਾਈ ਕੀਤਾ ਸੀ ਪਰ ਬਾਅਦ ਵਿੱਚ ਉਨ੍ਹਾਂ ਨੇ ਅਰਜ਼ੀ ਵਾਪਸ ਲੈ ਲਈ ਸੀ। ਇਸ ਵਾਰ ਉਨ੍ਹਾਂ ਨੇ ਦਸੰਬਰ 2024 ਵਿੱਚ ਅਪਲਾਈ ਕੀਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਅਰਜ਼ੀ ਵਾਪਸ ਲੈਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅੜੇ ਰਹੇ।
ਪ੍ਰਸਾਦ ਸਾਬਕਾ ਲੋਕ ਸਭਾ ਸਪੀਕਰ ਜੀਐਮਸੀ ਬਾਲਯੋਗੀ ਦੇ ਰਿਸ਼ਤੇਦਾਰ ਵੀ ਹਨ। ਸੰਭਾਵਨਾ ਹੈ ਕਿ ਉਹ ਕਿਸੇ ਐਨਜੀਓ ਨਾਲ ਹੱਥ ਮਿਲਾਉਣਗੇ। ਪ੍ਰਸਾਦ ਆਪਣੀਆਂ ਸਾਹਿਤਕ ਰੁਚੀਆਂ ਲਈ ਵੀ ਜਾਣੇ ਜਾਂਦੇ ਹਨ।
Published on: ਜਨਵਰੀ 21, 2025 11:15 ਪੂਃ ਦੁਃ