ਮੋਰਿੰਡਾ: ਦੋਸਤਾਂ ਵੱਲੋ ਹੀ ਨੌਜਵਾਨ ਦਾ ਕਤਲ, ਲਾਸ਼ ਕੀਤੀ ਖੁਰਦ ਬੁਰਦ
ਮੋਰਿੰਡਾ: 21 ਜਨਵਰੀ, ਭਟੋਆ
ਮੋਰਿੰਡਾ ਪੁਲਿਸ ਨੇ ਦੋਸਤਾਂ ਵੱਲੋ ਹੀ ਆਪਣੇ ਦੋਸਤ ਮੋਰਿੰਡਾ ਦੇ ਇੱਕ 29 ਸਾਲਾ ਅਣਵਿਆਹੇ ਨੌਜਵਾਨ ਨੂੰ, ਸਾਥੀਆਂ ਵੱਲੋਂ ਕਤਲ ਕਰਨ ਉਪਰੰਤ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਦੋਸ਼ ਅਧੀਨ ਮੁਕੱਦਮਾ ਦਰਜ ਕਰ, 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਮ੍ਰਿਤਕ ਨੌਜਵਾਨ ਦੀ ਲਾਸ਼ ਬਰਾਮਦ ਕਰਨ ਅਤੇ ਤੀਜੇ ਨੌਜਵਾਨ ਨੂੰ ਗ੍ਰਿਫਤਾਰ ਕਰਨ ਲਈ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਜਦਕਿ ਗ੍ਰਿਫਤਾਰ ਨੌਜਵਾਨ ਦਾ ਰੋਪੜ ਦੀ ਅਦਾਲਤ ਵੱਲੋ 2 ਦਿਨਾਂ ਲਈ ਪੁਲਿਸ ਰਿਮਾਂਡ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਹਰਜਿੰਦਰ ਸਿੰਘ ਐਸ ਐਚ ਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਸੰਜੀਵ ਕੁਮਾਰ ਪੁੱਤਰ ਸਵ. ਬਲਜਿੰਦਰ ਕੁਮਾਰ ਵਾਸੀ ਵਾਰਡ ਨੰਬਰ 7, ਨਿੰਮ ਵਾਲੀ ਗਲੀ ਮੋਰਿੰਡਾ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਦੱਸਿਆ ਕਿ ਉਹ ਤਿੰਨ ਭੈਣ ਭਰਾ ਹਨ ਅਤੇ ਉਨਾਂ ਦੇ ਮਾਂ ਬਾਪ ਦੀ ਮੌਤ ਹੋ ਚੁੱਕੀ ਹੈ।
ਸੰਜੀਵ ਕੁਮਾਰ ਨੇ ਦੱਸਿਆ ਕਿ ਉਸਦਾ ਵੱਡਾ ਭਰਾ ਰਾਜਨ ਵਰਮਾ ਉਮਰ 29 ਸਾਲ ਜੋ ਕਿ ਅਭੀ ਟੈਲੀਕੋਮ ਮੋਰਿੰਡਾ ਵਿਖੇ ਮੋਬਾਇਲ ਰਿਪੇਅਰ ਦਾ ਕੰਮ ਕਰਦਾ ਸੀ, ਉਸ ਦੀ ਪਿੰਡ ਕਾਈਨੌਰ ਦੇ ਕਮਲਪ੍ਰੀਤ ਸਿੰਘ ਉਰਫ ਜੋਨੀ ਪੁੱਤਰ ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਭਾਗ ਸਿੰਘ ਵਾਸੀ ਚੁੰਨੀ ਰੋਡ ਨੇੜੇ ਰੇਲਵੇ ਅੰਡਰਵਰੇਜ ਮੋਰਿੰਡਾ ਅਤੇ ਬੂਟਾ ਸਿੰਘ ਪੁੱਤਰ ਗੁਰਮੇਲ ਸਿੰਘ ਬਾਸੀ ਪਿੰਡ ਮਾਨਖੇੜੀ ਨਾਲ ਦੋਸਤੀ ਸੀ ਜਿਹੜੇ ਕਿ ਨਸ਼ੇ ਦੇ ਆਦੀ ਹਨ। ਸੰਜੀਵ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ 17 ਜਨਵਰੀ ਨੂੰ ਸ਼ਾਮੀ 6.30 ਵਜੇ ਕਮਲਪ੍ਰੀਤ ਸਿੰਘ ਉਰਫ ਜੋਨੀ ਉਸ ਦੇ ਭਰਾ ਨੂੰ ਅਭੀ ਟੈਲੀਕਾਮ ਮੋਰਿੰਡਾ ਤੋਂ ਆਪਣੇ ਨਾਲ ਲੈ ਗਿਆ। ਉਸ ਨੇ ਦੱਸਿਆ ਕਿ ਰਾਤੀ 8 ਵਜੇ ਉਸਦੀ ਮਾਸੀ ਮਮਤਾ ਰਾਣੀ ਨੇ ਰਾਜਨ ਵਰਮਾ ਦੇ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਫੋਨ ਤੇ ਕਮਲਪ੍ਰੀਤ ਸਿੰਘ ਉਰਫ ਜੋਨੀ ਨੇ ਦੱਸਿਆ ਕਿ ਰਾਜਨ ਵਰਮਾ ਠੇਕੇ ਤੋਂ ਸ਼ਰਾਬ ਲੈਣ ਗਿਆ ਹੈ। ਵਾਪਸ ਆਉਣ ਤੇ ਗੱਲ ਕਰਵਾ ਦਿੱਤੀ ਜਾਵੇਗੀ ਪ੍ਰੰਤੂ ਜਦੋਂ ਉਸਨੇ ਖੁਦ ਕਮਲਪ੍ਰੀਤ ਦੇ ਫੋਨ ਤੇ ਗੱਲ ਕਰਕੇ ਰਾਜਨ ਵਰਮਾ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਸਾਡੇ ਕੋਲੋਂ ਚਲਾ ਗਿਆ ਹੈ ਪਰੰਤੂ ਰਾਜਨ ਵਰਮਾ ਸਾਰੀ ਰਾਤ ਘਰ ਨਹੀਂ ਪਹੁੰਚਿਆ ਤਾਂ ਦੂਜੇ ਦਿਨ 18 ਜਨਵਰੀ ਨੂੰ ਜਦੋਂ ਉਹ ਸਵੇਰੇ ਅਭੀ ਟੈਲੀਕਾਮ ਦੀ ਦੁਕਾਨ ਤੇ ਆਪਣੇ ਭਰਾ ਬਾਰੇ ਪੁੱਛਣ ਗਿਆ ਤਾਂ ਪਤਾ ਲੱਗਿਆ ਕਿ ਉਹ ਦੁਕਾਨ ਤੇ ਵੀ ਨਹੀਂ ਪਹੁੰਚਿਆ, ਇਸੇ ਦੌਰਾਨ ਉਸ ਦੀ ਭੈਣ ਦਾ ਉਸ ਨੂੰ ਫੋਨ ਆਇਆ ਜਿਸ ਨੇ ਦੱਸਿਆ ਕਿ ਰਾਜਨ ਵਰਮਾ ਹਾਲੇ ਤੱਕ ਘਰ ਨਹੀਂ ਪਹੁੰਚਿਆ ।.ਸੰਜੀਵ ਕੁਮਾਰ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਦੱਸਿਆ ਕਿ ਉਸ ਨੂੰ ਪਤਾ ਲੱਗਿਆ ਹੈ ਕਿ ਉਸਦੇ ਭਰਾ ਦੀ ਗੁਰਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਭਾਗ ਸਿੰਘ ਨਾਲ ਕੋਈ ਰੰਜਿਸ਼ਬਾਜੀ ਚੱਲ ਰਹੀ ਸੀ ਜਦ ਕਿ ਗੁਰਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਉਰਫ ਜੋਨੀ ਆਪਸ ਵਿੱਚ ਨਿੱਘੇ ਦੋਸਤ ਹਨ। ਸੰਜੀਵ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਘਰ ਵਾਪਸ ਆਇਆ ਤਾਂ ਕਮਲਪ੍ਰੀਤ ਸਿੰਘ ਉਰਫ ਜੋਨੀ ਉਹਨਾਂ ਦੇ ਘਰ ਪਹੁੰਚਿਆ ਹੋਇਆ ਸੀ, ਅਤੇ ਜਦੋਂ ਉਸਨੇ ਅਤੇ ਉਸ ਦੇ ਪਰਿਵਾਰ ਨੇ ਉਸ ਨੂੰ ਰਾਜਨ ਵਰਮਾ ਸਬੰਧੀ ਪੁੱਛਿਆ ਤਾਂ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ। ਸੰਜੀਵ ਕੁਮਾਰ ਨੇ ਅੱਗੇ ਪੁਲਿਸ ਨੂੰ ਦੱਸਿਆ ਕਿ ਇਸੇ ਤਰ੍ਹਾਂ ਉਸ ਦੀ ਮਾਸੀ ਮਮਤਾ ਰਾਣੀ ਵੱਲੋਂ ਰਾਜਨ ਵਰਮਾ ਦੇ ਦੋਸਤ ਜਗਰੂਪ ਸਿੰਘ ਉਰਫ ਜੱਗੀ ਪੁੱਤਰ ਗੁਰਮੁਖ ਸਿੰਘ ਵਾਸੀ ਪਿੰਡ ਕਾਂਝਲਾ ਨਾਲ ਗੱਲ ਕੀਤੀ ਗਈ, ਤਾਂ ਉਸ ਨੇ ਦੱਸਿਆ ਕਿ 17 ਜਨਵਰੀ ਨੂੰ ਰਾਤੀ 10.30 ਵਜੇ ਸ਼ੰਕਰ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਮਾਨਖੇੜੀ ਨੇ ਰਾਜਨ ਵਰਮਾ ਦੇ ਫੋਨ ਤੋਂ ਫੋਨ ਕਰਕੇ ਦੱਸਿਆ ਕਿ ਰਾਜਨ ਦੀ ਸਿਹਤ ਠੀਕ ਨਹੀ ਹੈ ਜਦਕਿ ਕਮਲਪ੍ਰੀਤ ਸਿੰਘ ਉਰਫ ਜੋਨੀ ਨੇ ਸੰਪਰਕ ਕਰਨ ਤੇ ਦੱਸਿਆ ਕਿ ਰਾਜਨ ਥੋੜਾ ਬਹੁਤਾ ਢਿੱਲਾ ਸੀ ਪਰੰਤੂ ਹੁਣ ਠੀਕ ਠਾਕ ਹੈ। ਸੰਜੀਵ ਕੁਮਾਰ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ 18 ਜਨਵਰੀ ਨੂੰ ਸ਼ਾਮੀ ਸਾਢੇ ਛੇ ਵਜੇ ਕਮਲਪ੍ਰੀਤ ਸਿੰਘ ਉਰਫ ਜੋਨੀ ਉਸ ਨੂੰ ਅਤੇ ਜਗਰੂਪ ਸਿੰਘ ਉਰਫ ਜੱਗੀ ਨੂੰ ਬਾਜ਼ਾਰ ਵਿੱਚ ਮਿਲਿਆ ਸੀ ਜਿਸ ਨੇ ਦੱਸਿਆ ਕਿ ਉਸਨੇ, ਰਾਜਨ ਤੇ ਬੂਟਾ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮਾਨਖੇੜੀ ਨੇ ਆਪਸ ਵਿੱਚ ਸ਼ਰਾਬ ਪੀਤੀ ਸੀ ਅਤੇ ਕਮਲਪ੍ਰੀਤ ਸਿੰਘ ਨੇ ਜੋਨੀ ਦੇ ਨਸ਼ੇ ਦਾ ਟੀਕਾ ਲਗਾਇਆ ਸੀਂ। ਸੰਜੀਵ ਕੁਮਾਰ ਨੇ ਦੋਸ਼ ਲਗਾਇਆ ਕਿ ਉਸਨੂੰ ਯਕੀਨ ਹੈ ਕਿ ਕਮਲਪ੍ਰੀਤ ਸਿੰਘ ਉਰਫ ਜੋਨੀ ਗੁਰਪ੍ਰੀਤ ਸਿੰਘ ਉਰਫ ਜੱਸੀ ਅਤੇ ਬੂਟਾ ਸਿੰਘ ਵਾਸੀ ਨੇ ਆਪਸ ਵਿੱਚ ਮਿਲਕੇ ਉਸ ਦੇ ਭਰਾ ਰਾਜਨ ਵਰਮਾ ਨੂੰ ਕਤਲ ਕਰ ਦਿੱਤਾ ਹੈ ਅਤੇ ਉਸ ਦੀ ਲਾਸ਼ ਖੁਰਦ ਬੁਰਦ ਕਰ.ਦਿੱਤੀ ਹੈ।
ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੰਜੀਵ ਕੁਮਾਰ ਦੇ ਬਿਆਨ ਦੇ ਆਧਾਰ ਤੇ ਕਮਲਪ੍ਰੀਤ ਸਿੰਘ ਉਰਫ ਜੋਨੀ ਵਾਸੀ ਪਿੰਡ ਕਾਇਨੋਰ ਗੁਰਪ੍ਰੀਤ ਸਿੰਘ ਉਰਫ ਜੱਸੀ ਵਾਸੀ ਚੁੰਨੀ ਰੋਡ ਮੋਰਿੰਡਾ ਅਤੇ ਬੂਟਾ ਸਿੰਘ ਵਾਸੀ ਪਿੰਡ ਮਾਨਖੇੜੀ ਵਿਰੁੱਧ ਬੀਐਨ ਐਸ ਦੀਆਂ ਧਰਾਵਾਂ 103/ 238 / 61(2) ਅਧੀਨ ਮੁਕਦਮਾ ਨੰਬਰ ਦਰਜ ਕਰਕੇ ਗੁਰਪ੍ਰੀਤ ਸਿੰਘ ਉਰਫ ਜੱਸੀ ਅਤੇ ਬੂਟਾ ਸਿੰਘ ਦੋਸ਼ੀਆਂ ਨੂੰ ਗਿਰਫਤਾਰ ਕਰਨ ਉਪਰੰਤ ਤੀਜੇ ਦੋਸ਼ੀ ਅਤੇ ਲਾਸ਼ ਦੀ ਬਰਾਮਦਗੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।ਇਸੇ ਦੌਰਾਨ ਏਐਸਆਈ ਅੰਗਰੇਜ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਨੋ ਦੋਸ਼ੀਆਂ ਨੂੰ ਰੋਪੜ ਦੀ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲਿਆ ਗਿਆ ਜਿਸ ਦੌਰਾਨ ਦੋਸ਼ੀਆਂ ਤੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।