ਰਾਸ਼ਟਰਪਤੀ ਬਣਦਿਆਂ ਹੀ ਟਰੰਪ ਨੇ ਕਿਹਾ, ਅਮਰੀਕਾ ਨੂੰ ਮਹਾਨ ਬਣਾਉਣ ਲਈ ਹੀ ਰੱਬ ਨੇ ਮੈਨੂੰ ਬਚਾਇਆ
ਵਾਸ਼ਿੰਗਟਨ, 21 ਜਨਵਰੀ, ਦੇਸ਼ ਕਲਿਕ ਬਿਊਰੋ :
ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣ ਗਏ ਹਨ। ਉਨ੍ਹਾਂ ਨੇ ਸੋਮਵਾਰ ਰਾਤ ਭਾਰਤੀ ਸਮੇਂ ਅਨੁਸਾਰ 10:30 ਵਜੇ ਅਮਰੀਕੀ ਸੰਸਦ ਕੈਪੀਟਲ ਹਿੱਲ ਵਿਖੇ ਅਹੁਦੇ ਦੀ ਸਹੁੰ ਚੁੱਕੀ। ਸੁਪਰੀਮ ਕੋਰਟ ਦੇ ਜੱਜ ਜੌਨ ਰੌਬਰਟਸ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਹੈ।
ਟਰੰਪ ਦੇ ਸਹੁੰ ਚੁੱਕਣ ਦੌਰਾਨ ਪਤਨੀ ਮੇਲਾਨੀਆ ਬਾਈਬਲ ਲੈ ਕੇ ਖੜ੍ਹੀ ਰਹੀ। ਸਹੁੰ ਚੁੱਕਣ ਤੋਂ ਬਾਅਦ ਸੰਸਦ ਦਾ ਕੈਪੀਟਲ ਰੋਟੁੰਡਾ ਹਾਲ ਕੁਝ ਦੇਰ ਤਾੜੀਆਂ ਨਾਲ ਗੂੰਜਦਾ ਰਿਹਾ। ਆਪਣੇ ਭਾਸ਼ਣ ਵਿੱਚ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਮਹਾਨ ਬਣਾਉਣ ਲਈ ਰੱਬ ਨੇ ਉਨ੍ਹਾਂ ਨੂੰ ਬਚਾਇਆ ਹੈ।
ਸਹੁੰ ਚੁੱਕਣ ਤੋਂ ਬਾਅਦ ਟਰੰਪ ਨੇ 30 ਮਿੰਟ ਤੱਕ ਰਾਸ਼ਟਰ ਨੂੰ ਸੰਬੋਧਨ ਕੀਤਾ ਤੇ 10 ਵੱਡੇ ਐਲਾਨ ਕੀਤੇ। ਆਪਣੇ ਪਹਿਲੇ ਭਾਸ਼ਣ ਵਿੱਚ ਉਸਨੇ ਕਿਹਾ, ‘ਅਮਰੀਕਾ ਦਾ ਸੁਨਹਿਰੀ ਯੁੱਗ ਅਜੇ ਸ਼ੁਰੂ ਹੋ ਰਿਹਾ ਹੈ। ਇਸ ਦਿਨ ਤੋਂ ਸਾਡਾ ਦੇਸ਼ ਫਿਰ ਤੋਂ ਖੁਸ਼ਹਾਲ ਬਣੇਗਾ ਅਤੇ ਪੂਰੀ ਦੁਨੀਆ ਵਿਚ ਸਤਿਕਾਰਿਆ ਜਾਵੇਗਾ। ਮੈਂ ਸਿਰਫ਼ ਅਮਰੀਕਾ ਨੂੰ ਪਹਿਲ ਦੇਵਾਂਗਾ। ਸਾਡੀ ਸੁਰੱਖਿਆ ਬਹਾਲ ਹੋਵੇਗੀ। ਇਨਸਾਫ਼ ਦੇ ਤਰਾਜੂ ਨੂੰ ਸੰਤੁਲਿਤ ਕੀਤਾ ਜਾਵੇਗਾ। ਅਸੀਂ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਵਾਂਗੇ।