ਸਰਕਾਰੀ ਕਾਲਜ ਮੋਹਾਲੀ ਵਿਖੇ ਹੋਵੇਗਾ ਜ਼ਿਲਾ ਪੱਧਰੀ ਗਣਤੰਤਰ ਦਿਵਸ ਪ੍ਰੋਗਰਾਮ
ਗਣਤੰਤਰ ਦਿਵਸ ਦੀ ਤਿਆਰੀ ਲਈ ਸਕੂਲੀ ਬੱਚਿਆਂ ਵੱਲੋਂ ਕੀਤੀ ਗਈ ਰਿਹਸਲ
ਮੋਹਾਲੀ, 21 ਜਨਵਰੀ, 2025: ਦੇਸ਼ ਕਲਿੱਕ ਬਿਓਰੋ
ਮੋਹਾਲੀ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਦੀ ਗਰਾਊਂਡ ਵਿੱਚ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਸਮਾਗਮ ਦੀ ਤਿਆਰੀਆਂ ਲਈ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਅਤੇ ਰੰਗਾ-ਰੰਗ ਪ੍ਰੋਗਰਾਮਾਂ ਦੀ ਰਿਹਰਸਲ ਕੀਤੀ ਜਾ ਰਹੀ ਹੈ। ਸੂਕਲਾਂ ਦੇ ਬੱਚਿਆਂ ਵੱਲੋਂ ਗਣਤੰਤਰ ਦਿਵਸ ਮੌਕੇ ਪੇਸ਼ ਕੀਤੇ ਜਾਣ ਵਾਲੇ ਦੇਸ਼ ਭਗਤੀ ਅਤੇ ਜੋਸ਼ ਭਰਪੂਰ ਸੱਭਿਆਚਾਰਕ ਗਤੀਵਿਧੀਆਂ ਅਤੇ ਰੰਗਾ-ਰੰਗ ਪ੍ਰੋਗਰਾਮਾ ਦੀਆਂ ਤਿਆਰੀਆਂ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਡਾ. ਗਿੰਨੀ ਦੁੱਗਲ ਦੀ ਰਹਿਨੁਮਾਈ ਹੇਠ 20 ਜਨਵਰੀ ਤੋਂ ਸਕੂਲੀ ਬੱਚਿਆਂ ਵੱਲੋਂ ਤਿਆਰੀਆਂ ਲਈ ਰਿਹਸਲਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗਿੰਨੀ ਦੁੱਗਲ ਨੇ ਦੱਸਿਆ ਕਿ ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀ ਬੱਚਿਆਂ ਵਿੱਚ ਪੂਰਾ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਰਿਹਸਲ ਸਮੇਂ ਬੱਚਿਆਂ ਦੇ ਸਮਾਗਮ ਵਾਲੇ ਸਥਾਨ ‘ਤੇ ਪਹੁੰਚਣ ਅਤੇ ਵਾਪਸੀ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਗਣਤੰਤਰ ਦਿਵਸ ਮੌਕੇ ਸਮਾਗਮ ਦੀ ਤਿਆਰੀ ਕਰ ਰਹੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਜਾ ਰਹੀ ਹੈ। ਕਾਲਜ ਗਰਾਊਂਡ ਵਿਖੇ 24 ਜਨਵਰੀ 2025 ਨੂੰ ਫੁੱਲ ਡਰੈੱਸ ਰਿਹਰਸਲ ਹੋਵੇਗੀ।
ਇਨ੍ਹਾਂ ਰਿਹਰਸਲਾਂ ਵਿੱਚ ਸ਼ਾਮਿਲ ਸਕੂਲਾਂ ਵਿੱਚ ਸਕੂਲ ਆਫ ਐਮੀਨੈਂਸ ਫੇਜ਼-11, ਮੋਹਾਲੀ, ਸਕੂਲ ਆਫ ਐਮੀਨੈਂਸ ਫੇਜ਼-3 ਬੀ 1, ਮੋਹਾਲੀ, ਸੰਤ ਈਸ਼ਰ ਸਿੰਘ ਪਬਲਿਕ ਸਕੂਲ ਮੋਹਾਲੀ, ਏ.ਪੀ.ਜੇ ਸਕੂਲ ਮੁੰਡੀ ਖਰੜ, ਲਾਰੈਂਸ ਪਬਲਿਕ ਸਕੂਲ ਮੋਹਾਲੀ, ਗਿਲਕੋ ਇੰਟਨੈਸ਼ਨਲ ਸਕੂਲ, ਖਰੜ, ਸਵਾਮੀ ਰਾਮ ਤੀਰਥ ਸਕੂਲ, ਬੀ.ਐਸ.ਐਚ ਆਰਿਆ ਸਕੂਲ, ਸੋਹਾਣ, ਸਰਕਾਰੀ ਪ੍ਰਾਇਮਰੀ ਸਕੂਲ, ਫੇਜ਼ 3ਬੀ1, ਮੋਹਾਲੀ, ਸ਼ਿਵਾਲਿਕ ਸਕੂਲ ਫੇਜ਼-6 ਮੋਹਾਲੀ, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ, ਕੁਰਾਲੀ, ਲਕਸ਼ਮੀ ਤਾਰਾ ਚੰਦ ਸਕੂਲ ਸਿਆਲਬਾ, ਸਰਕਾਰੀ ਕਾਲਜ ਫੇਜ਼-6 ਮੋਹਾਲੀ, ਮਾਤਾ ਸਾਹਿਬ ਕੌਰ ਪਬਲਿਕ ਸਕੂਲ, ਸਵਾੜਾ ਅਤੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ ਦੇ ਵਿਦਿਆਰਥੀ ਸ਼ਾਮਿਲ ਸਨ।