ਸ਼ੰਭੂ-ਖਨੌਰੀ ਅੰਦੋਲਨ ਤੇ ਭੁੱਖ ਹੜਤਾਲ ’ਤੇ ਬੈਠੇ ਕਿਸਾਨ ਨੇਤਾ ਡੱਲੇਵਾਲ ਮਾਮਲੇ ਦੀ ਅੱਜ ਸੁਪਰੀਮ ਕੋਰਟ ‘ਚ ਹੋਵੇਗੀ ਸੁਣਵਾਈ
ਚੰਡੀਗੜ੍ਹ, 22 ਜਨਵਰੀ, ਦੇਸ਼ ਕਲਿਕ ਬਿਊਰੋ :
ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ 13 ਫਰਵਰੀ 2024 ਤੋਂ ਚਲ ਰਹੇ ਕਿਸਾਨ ਅੰਦੋਲਨ ਦੇ ਮਾਮਲੇ ਦੀ ਅੱਜ (ਬੁੱਧਵਾਰ) ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣ ਜਾ ਰਹੀ ਹੈ। ਇਸ ਦੌਰਾਨ, ਭੁੱਖ ਹੜਤਾਲ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸੰਬੰਧੀ ਰਿਪੋਰਟ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੀ ਜਾਵੇਗੀ।
ਇਸ ਤੋਂ ਇਲਾਵਾ, ਅੱਜ ਭੁੱਖ ਹੜਤਾਲ ਦੇ 58ਵੇਂ ਦਿਨ ਡੱਲੇਵਾਲ ਨੂੰ ਟਰਾਲੀ ਤੋਂ ਬਾਹਰ ਲਿਆਂਦਾ ਜਾਵੇਗਾ। ਉਨ੍ਹਾਂ ਨੂੰ ਮੰਚ ਦੇ ਕੋਲ ਬਣਾਏ ਜਾ ਰਹੇ ਟਰਾਲੀ/ਕਮਰੇ ਵਿੱਚ ਸ਼ਿਫਟ ਕੀਤਾ ਜਾਵੇਗਾ, ਜਿੱਥੇ ਉਨ੍ਹਾਂ ਨੂੰ ਅਸਾਨੀ ਨਾਲ ਸੂਰਜ ਦੀ ਰੌਸ਼ਨੀ ਮਿਲ ਸਕੇਗੀ।
ਇਸਦੇ ਨਾਲ ਹੀ, ਅੰਦੋਲਨ ਦੇ ਸਮਰਥਨ ਵਿੱਚ ਹੋਰ ਰਾਜਾਂ ਵਿੱਚ ਵੀ ਪ੍ਰੋਗ੍ਰਾਮ ਚੱਲ ਰਹੇ ਹਨ। ਇਸੇ ਲੜੀ ਤਹਿਤ ਮਹਾਰਾਸ਼ਟਰ ਵਿੱਚ ਕਿਸਾਨਾਂ ਨੇ ਜ਼ਿਲ੍ਹਾ ਪੱਧਰ ’ਤੇ 1 ਦਿਨ ਦੀ ਸੰਕੇਤਕ ਭੁੱਖ ਹੜਤਾਲ ਰੱਖੀ ਹੈ। ਜ਼ਿਲ੍ਹਾ ਅਧਿਕਾਰੀਆਂ ਰਾਹੀਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਜਦਕਿ ਅੱਜ ਤਮਿਲਨਾਡੂ ਦੀ ਰਾਜਧਾਨੀ ਚੇਨੱਈ ਵਿੱਚ ਕਿਸਾਨ 1 ਦਿਨ ਦੀ ਸੰਕੇਤਕ ਭੁੱਖ ਹੜਤਾਲ ਕਰਨਗੇ।