— ਭੁਵਨੇਸ਼ਵਰ ਵਿਖੇ ਹੋਏ ਕੌਮਾਂਤਰੀ ਸੰਮੇਲਨ ਵਿੱਚ ਕੀਤੀ ਨਾਰਵੇ ਦੀ ਪ੍ਰਤਿਨਿਧਤਾ
— ਲਿੰਗ ਸਮਾਨਤਾ ਦਾ ਫ੍ਰੇਮਵਰਕ ਪ੍ਰਧਾਨ ਮੰਤਰੀ ਮੋਦੀ ਅੱਗੇ ਰੱਖਿਆ
ਸ੍ਰੀ ਚਮਕੌਰ ਸਾਹਿਬ / ਮੋਰਿੰਡਾ 22 ਜਨਵਰੀ: ਭਟੋਆ
ਨਜ਼ਦੀਕੀ ਪਿੰਡ ਕਾਲੇ ਮਾਜਰਾ ਦੇ ਮਾਣ ਵਿੱਚ ਉਦੋਂ ਵਾਧਾ ਹੋਇਆ ਜਦੋਂ ਪਿੰਡ ਦੀ ਧੀ ਲਵਲੀਨ ਰੀਹਲ ਬ੍ਰੈਨਾ ਨੇ ਭਾਰਤ ਸਰਕਾਰ ਵੱਲੋਂ ਉਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ ਸੱਦੇ ਕੌਮਾਂਤਰੀ ਸੰਮੇਲਨ ਵਿੱਚ ਯੂਰਪੀਅਨ ਦੇਸ਼ ਨਾਰਵੇ ਦੀ ਪ੍ਰਤਿਨਿਧਤਾ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਨਿਵਾਸੀ ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਭਾਰਤ ਵੱਲੋਂ ਵਿਕਸਿਤ ਭਾਰਤ ਪ੍ਰੋਗਰਾਮ ਤਹਿਤ 2047 ਤੱਕ ਭਾਰਤ ਨੂੰ ਦੁਨੀਆ ਦੀ ਤੀਜੀ ਵਿਕਸਿਤ ਅਰਥ ਵਿਵਸਥਾ ਬਣਾਉਣ ਦਾ ਪ੍ਰੋਗਰਾਮ ਹੈ , ਜਿਸ ਅਧੀਨ ਸੱਦੇ ਗਏ ਕੌਮਾਂਤਰੀ ਸੰਮੇਲਨ ਵਿੱਚ ਵੱਖ ਵੱਖ ਮੁੱਦਿਆਂ ਉੱਤੇ ਚਰਚਾ ਕੀਤੀ ਗਈ । ਉਹਨਾਂ ਦੱਸਿਆ ਕਿ ਵਿਕਸਿਤ ਭਾਰਤ ਦੇ ਰੋਡ ਮੈਪ ਤਹਿਤ ਮੁੱਖ ਫੋਕਸ ਯੂਥ, ਔਰਤ ਸਸ਼ਕਤੀਕਰਨ, ਕਿਸਾਨਾਂ ਦੀ ਤਰੱਕੀ ਅਤੇ ਗਰੀਬਾਂ ਦੀ ਭਲਾਈ ਆਦਿ ਸ਼ਾਮਿਲ ਹੈ। ਇਸ ਸੰਮੇਲਨ ਵਿਚ ਲਿੰਗ ਸਮਾਨਤਾ ਦੇ ਮੁੱਦੇ ਉੱਤੇ ਲਵਲੀਨ ਰੀਹਲ ਬ੍ਰੈਨਾ ਨੇ ਆਪਣਾ ਨੌਰਵੀਅਨ ਫਰੇਮਵਰਕ ਪੇਸ਼ ਕੀਤਾ । ਜਿਸ ਵਿੱਚ ਸਾਰੀਆਂ ਔਰਤਾਂ ਨੂੰ ਬਰਾਬਰੀ ਦੇਣ ਦੀ ਨੀਤੀ ਸਾਂਝੀ ਕੀਤੀ । ਉਹਨਾਂ ਇਸ ਸੰਮੇਲਨ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਔਰਤਾਂ ਨੂੰ ਬਰਾਬਰੀ ਦੇਣ ਲਈ ਮਰਦਾਂ ਨੂੰ ਪਹਿਲ ਕਦਮੀ ਕਰਨੀ ਪਵੇਗੀ। ਜਿਸ ਵਿੱਚ ਇਨਸਾਨ ਦੀ ਬਰਾਬਰੀ ਚਾਹੇ ਉਹ ਦਿਵਿਆਂਗ ਹੋਵੇ ਜਾਂ ਕਿਸੇ ਜਾਤੀ ਜਾਂ ਆਰਥਿਕ ਤੌਰ ਤੇ ਕਿਸੇ ਪੱਧਰ ਦਾ ਹੋਵੇ ਕੋਈ ਭੇਦ ਨਾ ਕੀਤਾ ਜਾਵੇ । ਉਨਾਂ ਦੇ ਫਰੇਮਵਰਕ ਨੂੰ ਪੈਨਲ ਡਿਸਕਸ਼ਨ ਵਿੱਚ ਭਰਪੂਰ ਸਲਾਹੁਤਾ ਮਿਲੀ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸ੍ਰੀ ਐਸ ਜੈ ਸ਼ੰਕਰ ਸ਼ੰਕਰ ਨੇ ਵੀ ਉਹਨਾਂ ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਅਤੇ ਫਰੇਮਵਰਕ ਦੇ ਉੱਤੇ ਆਪਣੀ ਦਿਲਚਸਪੀ ਜਾਹਿਰ ਕੀਤੀ । ਭਾਰਤ ਦੇ ਚੰਦ੍ਰਯਾਨ ਮਿਸ਼ਨ ਦੀ ਅਹਿਮ ਮੈਂਬਰ ਰਿਤੂ ਤੂ ਕੌਡਿਆਲ ਨੇ ਉਹਨਾਂ ਦੇ ਕਾਰਜ ਨੂੰ ਬਹੁਤ ਵਧੀਆ ਕਾਰਜ ਕਰਾਰ ਦਿੰਦਿਆਂ ਕਿਹਾ ਕਿ ਅਜਿਹਾ ਕਰਨਾ ਸਮੇ ਦੀ ਮੁੱਖ ਲੋੜ ਹੈ । ਇਸ ਸੰਮੇਲਨ ਵਿੱਚ 50 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ ਅਤੇ ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਵੀ ਇਸ ਸੰਮੇਲਨ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਜ਼ਿਕਰ ਯੋਗ ਹੈ ਕਿ ਪਿੰਡ ਕਾਲੇ ਮਾਜਰਾ ਦੇ ਜੰਮਪਲ ਲਵਲੀਨ ਰੀਹਲ ਦੇ ਪਿਤਾ ਪ੍ਰੀਤਮ ਸਿੰਘ ਰੀਹਲ ਪਿਛਲੇ 40 ਕੁ ਸਾਲਾਂ ਤੋਂ ਨੋਰਵੇ ਵਿਖੇ ਰਹਿ ਰਹੇ ਹਨ ਅਤੇ ਆਪਣੀ ਪਤਨੀ ਸ੍ਰੀਮਤੀ ਕੁਲਦੀਪ ਕੌਰ ਨਾਲ ਮਿਲ ਕੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਇਸ ਤਰਾਂ ਦੀ ਸਿੱਖਿਆ ਦਿੱਤੀ ਹੈ ਕਿ ਅਜੇ ਤੱਕ ਵੀ ਉਹ ਆਪਣੀ ਮਿੱਟੀ ਨਾਲ ਜੁੜੇ ਹੋਏ ਹਨ । ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਪਰਿਵਾਰ ਨੇ ਪਿੰਡ ਕਾਲੇ ਮਾਜਰਾ ਵਿੱਚ ਆਪਣੀ ਜੱਦੀ ਜਾਇਦਾਦ ਜੋ ਇਹਨਾਂ ਦਾ ਘਰ ਸੀ ਉਹ ਵੀ ਪੰਚਾਇਤ ਦੇ ਸਪੁਰਦ ਕੀਤੀ ਹੋਈ ਹੈ।