ਕਿਹਾ, ਬਣਾਈਆਂ ਗਈਆਂ ਜ਼ਾਅਲੀ ਵੋਟਾਂ
ਚੰਡੀਗੜ੍ਹ, 22 ਜਨਵਰੀ, ਦੇਸ਼ ਕਲਿੱਕ ਬਿਓਰੋ :
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰਾਂ ਨਾਲ ਮੀਟਿੰਗ ਹੋਈ। ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਨਵੀਆਂ ਬਣੀਆਂ ਵੋਟਾਂ ਵਿੱਚ ਨੂੰ ਲੈ ਕੇ ਚਰਚਾ ਕੀਤੀ ਗਈ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਵੱਡੇ ਪੱਧਰ ‘ਤੇ ਜ਼ਾਅਲੀ ਵੋਟਾਂ ਬਣਾਈਆਂ ਗਈਆਂ ਹਨ। ਮੀਟਿੰਗ ਦੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ। ਮੀਟਿੰਗ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਦਲਜੀਤ ਸਿੰਘ ਚੀਮਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੀਟਿੰਗ ਦਾ ਮੁੱਖ ਏਜੰਡਾ ਐਸਜੀਪੀਸੀ ਵੋਟਰ ਸੂਚੀਆਂ ਵਿੱਚ ਹੋਈ ਗੜਬੜੀ ਸੀ। ਕਈ ਥਾਵਾਂ ਉਤੇ ਅਜੇ ਤੱਕ ਵੋਟਰ ਸੂਚੀ ਵੀ ਨਹੀਂ ਪ੍ਰਦਾਨ ਕੀਤੀ ਗਈ। ਅਸੀ਼ ਚੋਣ ਕਮਿਸ਼ਨ ਤੋਂ ਮੰਗ ਕਰਾਂਗੇ ਕਿ ਇੰਤਰਾਜ ਦਰਜ ਕਰਾਉਣ ਦੀ ਮਿਤੀ ਵਧਾਈ ਜਾਵੇ।
ਉਨ੍ਹਾਂ ਕਿਹਾ ਕਿ ਵੱਡੇ ਪੱਧਰ ਉਤੇ ਵੋਟਰ ਸੂਚੀ ਵਿੱਚ ਧਾਂਦਲੀ ਹੋਈ ਹੈ। ਕਈ ਥਾਵਾਂ ਉਤੇ ਤਾਂ ਪੂਰੇ ਪਿੰਡ ਦੀਆਂ ਵੋਟਾਂ ਹੀ ਗਾਇਬ ਹਨ ਜਿਸਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਲੋਕਾਂ ਉਤੇ ਦੋਸ਼ ਲਗਾਇਆ ਕਿ ਕਈ ਥਾਵਾਂ ਉਤੇ ਜ਼ਾਅਲੀ ਵੋਟਾਂ ਬਣਾਈਆਂ ਗਈਆਂ ਹਨ। ਭਲਕੇ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਇਸ ਮਾਮਲੇ ਬਾਰੇ ਗੁਰਦੁਆਰਾ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਵੇਗਾ ਤੇ ਇਸ ਮਾਮਲੇ ਦੀ ਜਾਂਚ ਕਰਵਾਕੇ ਜਾਅਲੀ ਬਣੀਆਂ ਵੋਟਾਂ ਨੂੰ ਰੱਦ ਕਰਵਾਵੇਗਾ ।