ਚੀਨੀ ਡੋਰ ਵਿਰੁੱਧ ਕਾਰਵਾਈ: ਪੰਜਾਬ ਪੁਲਿਸ ਵੱਲੋਂ 20 ਦਿਨਾਂ ‘ਚ ਚੀਨੀ ਡੋਰ ਦੇ 80879 ਬੰਡਲ ਬਰਾਮਦ, 90 FIRs ਦਰਜ

Punjab

ਚੀਨੀ ਡੋਰ ਵਿਰੁੱਧ ਕਾਰਵਾਈ: ਪੰਜਾਬ ਪੁਲਿਸ ਵੱਲੋਂ 20 ਦਿਨਾਂ ਵਿੱਚ ਚੀਨੀ ਡੋਰ ਦੇ 80879 ਬੰਡਲ ਬਰਾਮਦ, 90 ਐਫਆਈਆਰਜ਼ ਦਰਜ

ਗਣਤੰਤਰ ਦਿਵਸ-2025: ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਵੱਲੋਂ ਜਲੰਧਰ ਅਤੇ ਲੁਧਿਆਣਾ ਵਿਖੇ ਸੁਰੱਖਿਆ ਆਪ੍ਰੇਸ਼ਨਾਂ ਦੀ ਨਿਗਾਹਸਾਨੀ

— ਪੰਜਾਬ ਪੁਲਿਸ ਗਣਤੰਤਰ ਦਿਵਸ ਦੇ ਸ਼ਾਂਤੀਪੂਰਨ ਅਤੇ ਸੁਰੱਖਿਅਤ ਸਮਾਗਮਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ

— ਵਿਸ਼ੇਸ਼ ਡੀਜੀਪੀ ਵੱਲੋਂ ਸੀਪੀਜ਼/ਐਸਐਸਪੀਜ਼ ਨੂੰ ਉਨ੍ਹਾਂ ਦੇ ਅਧਿਕਾਰ ਖੇਤਰਾਂ ਵਿੱਚ ਪੁਲਿਸ ਨਾਕੇ ਵਧਾਉਣ ਦੇ ਆਦੇਸ਼

ਚੰਡੀਗੜ੍ਹ/ਜਲੰਧਰ/ਲੁਧਿਆਣਾ, 23 ਜਨਵਰੀ: ਦੇਸ਼ ਕਲਿੱਕ ਬਿਓਰੋ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਤ ਸੂਬਾ ਬਣਾਉਣ ਦੇ ਮੱਦੇਨਜਰ ਵਿੱਢੀ ਮੁਹਿੰਮ ਤਹਿਤ ਵਿਸ਼ੇਸ਼ ਡੀਜੀਪੀ (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ ਨੇ ਪਤੰਗ ਉਡਾਉਣ ਵਾਲੀ ਘਾਤਕ ਚੀਨੀ ਡੋਰ ‘ਮਾਂਝਾ’ ਵਿਰੁੱਧ ਇੱਕ ਮੁਹਿੰਮ ਸ਼ੁਰੂ ਕੀਤੀ।

ਇਸ ਪਹਿਲ ਦਾ ਉਦੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਪਤੰਗ ਉਡਾਉਣ ਵਾਲੀਆਂ ਇਨ੍ਹਾਂ ਘਾਤਕ ਡੋਰਾਂ ਦੀ ਵਿਕਰੀ ਅਤੇ ਵਰਤੋਂ ਨੂੰ ਰੋਕਣਾ ਹੈ।

ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ (ਸੀਪੀ) ਸਵਪਨ ਸ਼ਰਮਾ ਅਤੇ ਲੁਧਿਆਣਾ ਦੇ ਸੀਪੀ ਕੁਲਦੀਪ ਸਿੰਘ ਚਾਹਲ ਦੇ ਨਾਲ ਦੋਵਾਂ ਸ਼ਹਿਰਾਂ ਦੇ ਸਥਾਨਕ ਬਾਜ਼ਾਰਾਂ ਦਾ ਦੌਰਾ ਕੀਤਾ ਅਤੇ ਪਤੰਗ ਵੇਚਣ ਵਾਲੇ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਚੀਨੀ ਪਲਾਸਟਿਕ ਪਤੰਗ ਦੀਆਂ ਡੋਰਾਂ ਵੇਚਣ ਤੋਂ ਪਰਹੇਜ਼ ਕਰਨ ਲਈ ਉਤਸ਼ਾਹਿਤ ਵੀ ਕੀਤਾ।

ਉਨ੍ਹਾਂ ਦੁਕਾਨਦਾਰਾਂ ਨੂੰ ਮਾਂਝਾ (ਪਤੰਗ ਦੀ ਡੋਰ) ਦੀ ਗੈਰ-ਕਾਨੂੰਨੀ ਵਿਕਰੀ ਜਾਂ ਵਰਤੋਂ ਸਬੰਧੀ ਰਿਪੋਰਟ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਇਸ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ।

ਵਿਸ਼ੇਸ਼ ਡੀਜੀਪੀ ਨੇ ਦੱਸਿਆ ਕਿ ਪੁਲਿਸ ਨੇ ਚੀਨੀ ਡੋਰ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਪਿਛਲੇ 20 ਦਿਨਾਂ ਦੌਰਾਨ ਪੁਲਿਸ ਟੀਮਾਂ ਨੇ ਸੂਬੇ ਭਰ ਵਿੱਚ ਇਸ ਘਾਤਕ ਪਤੰਗ ਦੀ ਡੋਰ ਨੂੰ ਵੇਚਣ ਵਿੱਚ ਸ਼ਾਮਲ ਵਿਅਕਤੀਆਂ ਤੋਂ 80879 ਚੀਨੀ ਡੋਰ ਦੇ ਬੰਡਲ ਬਰਾਮਦ ਕੀਤੇ ਹਨ ਅਤੇ 90 ਐਫਆਈਆਰਜ਼ ਦਰਜ ਕੀਤੀਆਂ ਹਨ।

ਚੀਨੀ ਡੋਰ ਵਿਰੁੱਧ ਮੁਹਿੰਮ ਸ਼ੁਰੂ ਕਰਨ ਤੋਂ ਇਲਾਵਾ, ਉਹਨਾਂ ਨੇ ਗਣਤੰਤਰ ਦਿਵਸ-2025 ਦੇ ਮੱਦੇਨਜ਼ਰ ਜਲੰਧਰ ਅਤੇ ਲੁਧਿਆਣਾ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਚੱਲ ਰਹੇ ਵਿਸ਼ੇਸ਼ ਆਪ੍ਰੇਸ਼ਨਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਦੋਵਾਂ ਸ਼ਹਿਰਾਂ ਵਿੱਚ ਮੁੱਖ ਥਾਵਾਂ ’ਤੇ ਯੋਜਨਾਬੱਧ ਅਤੇ ਰਣਨੀਤਕ ਛਾਪੇਮਾਰੀ ਵੀ ਕੀਤੀ।

ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਜਲੰਧਰ ਅਤੇ ਲੁਧਿਆਣਾ ਕਮਿਸ਼ਨਰੇਟ ਦੇ ਅਧਿਕਾਰ ਖੇਤਰਾਂ ਵਿੱਚ ਜਨਤਕ ਥਾਵਾਂ ’ਤੇ ਪੁਲਿਸ ਦੀ ਮੌਜੂਦਗੀ ਵਧਾਉਣ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਨਿਗਰਾਨੀ ਅਤੇ ਗਸ਼ਤ ਤੇਜ਼ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ।

ਉਨ੍ਹਾਂ ਨੇ ਭੀੜ-ਭੜੱਕੇ ਵਾਲੇ ਬਾਜ਼ਾਰੀ ਇਲਾਕਿਆਂ, ਮਾਲਾਂ ਅਤੇ ਹੋਰ ਜਨਤਕ ਥਾਵਾਂ ’ਤੇ ਨਿਗਰਾਨੀ ਵਧਾਉਣ ’ਤੇ ਜੋਰ ਦਿੰਦੇ ਹੋਏ ਵਿਆਪਕ ਸੁਰੱਖਿਆ ਕਾਰਜਾਂ ਦੀ ਇੱਕ ਲੜੀ ਵੀ ਸ਼ੁਰੂ ਕੀਤੀ।

ਵਿਸ਼ੇਸ਼ ਡੀਜੀਪੀ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿੱਚ ਪੁਲਿਸ ਨਾਕਿਆਂ ਦੀ ਗਿਣਤੀ ਵਧਾਉਣ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਮੁਲਾਜ਼ਮ ਇਨ੍ਹਾਂ ਨਾਕਿਆਂ ਤੋਂ ਲੰਘਣ ਵਾਲੇ ਵੱਧ ਤੋਂ ਵੱਧ ਵਾਹਨਾਂ ਦੀ ਮੁਕੰਮਲ ਜਾਂਚ ਨੂੰ ਯਕੀਨੀ ਬਣਾਉਣਗੇ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।