ਡੱਲੇਵਾਲ ਦਾ ਮਰਨ ਵਰਤ 59ਵੇਂ ਦਿਨ ‘ਚ ਦਾਖ਼ਲ, ਵਿਸ਼ੇਸ਼ ਕਮਰਾ ਕੀਤਾ ਜਾ ਰਿਹਾ ਤਿਆਰ
ਖਨੌਰੀ, 23 ਜਨਵਰੀ, ਦੇਸ਼ ਕਲਿਕ ਬਿਊਰੋ :
ਖਨੌਰੀ ਸਰਹੱਦ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ (ਵੀਰਵਾਰ) 59ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਹੁਣ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਹੁਣ ਸਾਹਮਣੇ ਵਾਲੇ ਪਾਸੇ ਹੀ ਉਨ੍ਹਾਂ ਲਈ ਵਿਸ਼ੇਸ਼ ਕਮਰਾ ਤਿਆਰ ਕੀਤਾ ਜਾ ਰਿਹਾ ਹੈ। ਐਮਰਜੈਂਸੀ ਦੇ ਸਮੇਂ ਵਿੱਚ ਵੀ ਉਨ੍ਹਾਂ ਨੂੰ ਕਮਰੇ ਵਿੱਚ ਐਮਰਜੈਂਸੀ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ।
ਇਸ ਦੇ ਨਾਲ ਹੀ ਜਦੋਂ ਤੱਕ ਕਮਰਾ ਨਹੀਂ ਬਣ ਜਾਂਦਾ, ਉਦੋਂ ਤੱਕ ਉਨ੍ਹਾਂ ਨੂੰ ਮੂਹਰਲੇ ਪਾਸੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਟਰਾਲੀ ਵਿੱਚ ਰੱਖਿਆ ਜਾਵੇਗਾ। ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੀ ਉੱਥੇ ਸ਼ਿਫਟਾਂ ‘ਚ ਤਾਇਨਾਤ ਕਰ ਦਿੱਤੀ ਗਈ ਹੈ, ਜੋ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖੇਗੀ।
ਇਸ ਤੋਂ ਇਲਾਵਾ 26 ਜਨਵਰੀ ਨੂੰ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਵੀ ਪੰਜਾਬ ਸਮੇਤ ਸਾਰੇ ਸੂਬਿਆਂ ਵਿਚ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਕਿਸਾਨਾਂ ਦਾ ਸਪੱਸ਼ਟ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਜਿਕਰਯੋਗ ਹੈ ਕਿ ਖਨੌਰੀ ਵਿੱਚ ਜੋ ਕਮਰਾ ਤਿਆਰ ਕੀਤਾ ਜਾ ਰਿਹਾ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕੱਚ ਦਾ ਬਣਿਆ ਹੋਵੇਗਾ। ਪੂਰੀ ਤਰ੍ਹਾਂ ਸਾਊਂਡ ਪਰੂਫ ਹੋਵੇਗਾ। ਸੂਰਜ ਦੀ ਰੌਸ਼ਨੀ ਇਸ ‘ਚ ਆਸਾਨੀ ਨਾਲ ਪਹੁੰਚ ਸਕੇਗੀ। ਨਾਲ ਹੀ, ਉਸ ਕਮਰੇ ਦੇ ਨੇੜੇ ਬਾਥਰੂਮ ਅਤੇ ਹੋਰ ਸਹੂਲਤਾਂ ਹੋਣਗੀਆਂ। ਪਾਣੀ ਗਰਮ ਕਰਨ ਦੀ ਵੀ ਸਹੂਲਤ ਹੋਵੇਗੀ।