ਚੰਡੀਗੜ੍ਹ, 23 ਜਨਵਰੀ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਦੇ ਸੈਕਟਰ 29-ਬੀ ਵਿੱਚ ਦੇਰ ਰਾਤ 77 ਸਾਲਾਂ ਦੇ ਬਜ਼ੁਰਗ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਛੁੱਟਨ ਦੇ ਰੂਪ ਵਿੱਚ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਇੰਡਸਟਰੀਅਲ ਏਰੀਆ ਥਾਣੇ ਦੇ ਇੰਚਾਰਜ ਜਸਪਾਲ ਸਿੰਘ ਭੁੱਲਰ ਮੌਕੇ ’ਤੇ ਪਹੁੰਚੇ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਘਟਨਾ ਰਾਤ ਲਗਭਗ ਪੌਣੇ 12 ਵਜੇ ਦੀ ਹੈ। ਛੁੱਟਨ ਆਪਣੇ ਕਮਰੇ ਵਿੱਚ ਹੀਟਰ ਲਗਾ ਕੇ ਸੌ ਰਿਹਾ ਸੀ। ਜਦੋਂ ਸੇਕ ਜ਼ਿਆਦਾ ਹੋ ਗਿਆ, ਉਹ ਹੀਟਰ ਬੰਦ ਕਰਨ ਲਈ ਉਠੇ। ਇਸ ਦੌਰਾਨ ਉਹ ਅਚਾਨਕ ਹੀਟਰ ’ਤੇ ਡਿੱਗ ਗਏ। ਜਿਸ ਕਾਰਨ ਹੀਟਰ ਦੀ ਰੌਡ ਟੁੱਟ ਗਈ। ਰੌਡ ਵਿੱਚ ਕਰੰਟ ਹੋਣ ਕਾਰਨ ਉਹ ਉਸਦੇ ਨਾਲ ਚਿਪਕ ਗਏ। ਇਸ ਤੋਂ ਬਾਅਦ ਕਮਰੇ ਵਿੱਚੋਂ ਧੂੰਆਂ ਉੱਠਣ ਲੱਗਾ।
ਉਨ੍ਹਾਂ ਦੀ ਪਤਨੀ ਦੂਜੇ ਕਮਰੇ ਵਿੱਚ ਸੌ ਰਹੀ ਸੀ। ਜਦੋਂ ਉਸ ਨੇ ਧੂੰਆਂ ਉੱਠਦਾ ਦੇਖਿਆ ਤਾਂ ਉਸ ਨੂੰ ਲੱਗਿਆ ਕਿ ਘਰ ਵਿੱਚ ਅੱਗ ਲੱਗ ਗਈ ਹੈ। ਉਨ੍ਹਾਂ ਨੇ ਸ਼ੋਰ ਮਚਾਇਆ ਤਾਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਦੇਖਿਆ ਕਿ ਛੁੱਟਨ ਦਾ ਪੇਟ ਹੀਟਰ ਦੀ ਰੌਡ ਨਾਲ ਚਿਪਕਿਆ ਹੋਇਆ ਸੀ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ।
ਸੂਚਨਾ ਮਿਲਣ ਦੇ ਬਾਅਦ ਇੰਡਸਟਰੀਅਲ ਏਰੀਆ ਥਾਣੇ ਦੀ ਪੁਲੀਸ ਅਤੇ ਫ਼ੋਰੈਂਸਿਕ ਟੀਮ ਮੌਕੇ ’ਤੇ ਪਹੁੰਚੀ। ਪੁਲੀਸ ਦੀ ਐਂਬੂਲੈਂਸ ਰਾਹੀਂ ਬਜ਼ੁਰਗ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।