ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਮਰੀਜ਼ ਦੇ ਆਪਰੇਸ਼ਨ ਦੌਰਾਨ ਬੱਤੀ ਹੋਈ ਗੁੱਲ, ਡਾਕਟਰਾਂ ਨੂੰ ਆਈ ਦਿੱਕਤ
ਪਟਿਆਲ਼ਾ, 24 ਜਨਵਰੀ, ਦੇਸ਼ ਕਲਿਕ ਬਿਊਰੋ :
ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਅਚਾਨਕ ਬਿਜਲੀ ਬੰਦ ਹੋਣ ਕਾਰਨ ਡਾਕਟਰਾਂ ਨੂੰ ਇੱਕ ਮਰੀਜ਼ ਦਾ ਆਪਰੇਸ਼ਨ ਕਰਨ ਵਿੱਚ ਮੁਸ਼ਕਲ ਆਈ। ਇਸ ਦੌਰਾਨ ਵੈਂਟੀਲੇਟਰ ਵੀ ਬੰਦ ਹੋ ਗਿਆ। ਇਸ ਘਟਨਾ ਤੋਂ ਨਾਰਾਜ਼ ਸਿਹਤ ਸਟਾਫ ਨੇ ਇਸਦਾ ਇੱਕ ਵੀਡੀਓ ਬਣਾਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ।ਇਸ ਦੌਰਾਨ ਡਾਕਟਰਾਂ ਦਾ ਸਵਾਲ ਸੀ ਕਿ ਜੇਕਰ ਇਸ ਤਰ੍ਹਾਂ ਮਰੀਜ਼ ਦੀ ਜਾਨ ਚਲੀ ਜਾਂਦੀ ਹੈ ਤਾਂ ਇਸਦੇ ਲਈ ਜ਼ਿੰਮੇਵਾਰ ਕੌਣ ਹੋਵੇਗਾ।
ਇਹ ਮਾਮਲਾ ਲਗਭਗ ਦੋ ਵਜੇ ਤੋਂ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ, ਕਿਉਂਕਿ ਆਮ ਤੌਰ ’ਤੇ ਆਪਰੇਸ਼ਨ ਸਵੇਰ ਦੇ ਸਮੇਂ ਹੁੰਦੇ ਹਨ। ਵੀਡੀਓ ਵਿੱਚ ਇੱਕ ਡਾਕਟਰ ਕਹਿ ਰਿਹਾ ਹੈ ਕਿ ਰਾਜਿੰਦਰਾ ਹਸਪਤਾਲ ਦੀ ਮੇਨ ਐਮਰਜੈਂਸੀ ਲਾਈਟ ਆ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲਾਈਟ ਗਏ ਹੋਏ 15 ਮਿੰਟ ਹੋ ਚੁੱਕੇ ਹਨ।ਵੈਂਟੀਲੇਟਰ ਬੰਦ ਹੋ ਗਿਆ ਹੈ। ਕੈਂਸਰ ਮਰੀਜ਼ ਦੀ ਸਰਜਰੀ ਚੱਲ ਰਹੀ ਹੈ। ਇਸ ਤਰ੍ਹਾਂ ਮਰੀਜ਼ ਨਾਲ ਕੁਝ ਹੋ ਜਾਂਦਾ ਹੈ ਤਾਂ ਇਸਦਾ ਜ਼ਿੰਮੇਵਾਰ ਕੌਣ ਹੋਵੇਗਾ।ਸਾਰਾ ਸਟਾਫ ਵੀ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਬਿਜਲੀ ਗਈ ਹੈ। ਐਮਰਜੈਂਸੀ ਹੌਟ ਲਾਈਨ ਨਾਲ ਹਸਪਤਾਲ ਨੂੰ ਜੋੜਨਾ ਚਾਹੀਦਾ ਹੈ, ਪਰ ਇਹ ਹੋ ਨਹੀਂ ਰਿਹਾ। ਹਸਪਤਾਲ ਪ੍ਰਬੰਧਨ ਇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਗੁਰੇਜ਼ ਕਰ ਰਿਹਾ ਹੈ। ਹਾਲਾਂਕਿ ਬਿਜਲੀ ਮੁੜ ਆ ਗਈ।
ਇਸ ਮਾਮਲੇ ਵਿੱਚ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਹੁਣੇ ਪਤਾ ਲੱਗਾ ਹੈ। ਜੇਕਰ ਇਹ ਹਾਲਾਤ ਬਣੇ ਹਨ ਤਾਂ ਇਸਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਇਸ ਤਰ੍ਹਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਮੈਂ ਇਸ ਮਾਮਲੇ ਦੀ ਜਾ ਕੇ ਜਾਂਚ ਕਰਾਂਗਾ।
Published on: ਜਨਵਰੀ 24, 2025 5:46 ਬਾਃ ਦੁਃ