ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੀਆਂ ਹਵਾਵਾਂ ਕਾਰਨ ਪੰਜਾਬ ‘ਚ ਵਧੇਗੀ ਠੰਢ
ਚੰਡੀਗੜ੍ਹ, 24 ਜਨਵਰੀ, ਦੇਸ਼ ਕਲਿਕ ਬਿਊਰੋ :
ਪੰਜਾਬ ਵਿੱਚ ਅੱਜ ਧੁੰਦ ਅਤੇ ਕੋਲਡ ਵੇਵ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1 ਡਿਗਰੀ ਦੀ ਗਿਰਾਵਟ ਹੋਈ ਹੈ। ਹਾਲਾਂਕਿ, ਇਹ ਰਾਜ ਵਿੱਚ ਸਧਾਰਣ ਤਾਪਮਾਨ ਨਾਲੋਂ 3.1°C ਵੱਧ ਹੈ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨ ਵੀ ਸੁੱਕੇ ਰਹਿਣ ਦੇ ਆਸਾਰ ਹਨ।
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਇਸ ਸਮੇਂ ਇੱਕ ਪੱਛਮੀ ਗੜਬੜੀ ਪਾਕਿਸਤਾਨ ਦੀ ਸੀਮਾ ਵਿੱਚ ਸਰਗਰਮ ਹੈ। ਇਸਦਾ ਪ੍ਰਭਾਵ ਹਿਮਾਚਲ ਪ੍ਰਦੇਸ਼ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਧੁੰਦ ਨਾਲ ਕੋਲਡ ਵੇਵ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੀਆਂ ਹਵਾਵਾਂ ਮੈਦਾਨੀ ਖੇਤਰਾਂ ਵੱਲ ਵਗ ਰਹੀਆਂ ਹਨ।ਆਉਣ ਵਾਲੇ 3 ਦਿਨਾਂ ਵਿੱਚ ਪੰਜਾਬ ਦੇ ਤਾਪਮਾਨ ਵਿੱਚ 2 ਤੋਂ 4 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਪਰ ਉਸ ਤੋਂ ਬਾਅਦ ਤਾਪਮਾਨ ਵਿੱਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ।
ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ, 21 ਜਨਵਰੀ ਤੋਂ 23 ਜਨਵਰੀ ਤੱਕ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਸੀ। ਪਰ ਪੱਛਮੀ ਗੜਬੜੀ ਦਾ ਪ੍ਰਭਾਵ ਵੀ ਪੰਜਾਬ ਵਿੱਚ ਦੇਖਣ ਨੂੰ ਨਹੀਂ ਮਿਲਿਆ। ਮੌਸਮ ਵਿਭਾਗ ਦੇ ਅਨੁਸਾਰ 1 ਜਨਵਰੀ ਤੋਂ 22 ਜਨਵਰੀ ਤੱਕ ਪੰਜਾਬ ਵਿੱਚ 37 ਫੀਸਦ ਘੱਟ ਮੀਂਹ ਪਿਆ ਹੈ। ਜਿਸ ਕਰਕੇ ਪੰਜਾਬ ਨੂੰ ਰੈੱਡ ਜੋਨ ਵਿੱਚ ਪਾ ਦਿੱਤਾ ਗਿਆ ਹੈ।
ਮੌਸਮ ਵਿਭਾਗ ਦੇ ਅਨੁਸਾਰ, ਜਨਵਰੀ ਦੇ ਪਹਿਲੇ 22 ਦਿਨਾਂ ਵਿੱਚ ਪੰਜਾਬ ਵਿੱਚ 12.3 ਮੀਲੀਮੀਟਰ ਮੀਂਹ ਪੈਂਦਾ ਹੈ। ਪਰ ਇਸ ਸਾਲ ਮੀਂਹ ਸਧਾਰਣ ਨਾਲੋਂ ਕਾਫੀ ਘੱਟ ਪਿਆ ਹੈ। ਇਸ ਸਾਲ ਪੰਜਾਬ ਵਿੱਚ ਹੁਣ ਤੱਕ 8.3 ਮੀਲੀਮੀਟਰ ਮੀਂਹ ਪਿਆ ਹੈ, ਜੋ ਸਧਾਰਣ ਨਾਲੋਂ 32 ਫੀਸਦ ਘੱਟ ਹੈ।
Published on: ਜਨਵਰੀ 24, 2025 6:58 ਪੂਃ ਦੁਃ