ਮਾਰਕਫੈੱਡ ਦੇ ਗੋਦਾਮਾਂ ਵਿਚੋ ਚੋਰਾਂ ਵੱਲੋ 150 ਤੋਂ ਵੱਧ ਕਣਕ ਦੀਆਂ ਬੋਰੀਆਂ ਚੋਰੀ
ਮੋਰਿੰਡਾ 25 ਜਨਵਰੀ ਭਟੋਆ
ਮੋਰਿੰਡਾ ਕੁਰਾਲੀ ਸੜਕ ਤੇ ਸਥਿਤ ਮਾਰਕਫੈੱਡ ਦੇ ਗੋਦਾਮਾਂ ਵਿਚੋ ਬੀਤੀ ਰਾਤ ਚੋਰਾਂ ਵੱਲੋ 150 ਤੋਂ ਵੱਧ ਕਣਕ ਦੀਆਂ ਬੋਰੀਆਂ ਚੋਰੀ ਕਰ ਲਈਆਂ ਗਈਆਂ ਪ੍ਰੰਤੂ ਇਸ ਚੋਰੀ ਸਬੰਧੀ ਗੋਦਾਮ ਵਿਚ ਤਾਇਨਾਤ ਸੁਰੱਖਿਆ ਗਾਰਡਾਂ ਤੇ ਅਧਿਕਾਰੀਆਂ ਨੂੰ ਸਵੇਰੇ ਹੀ ਪਤਾ ਲੱਗਿਆ, ਜਿਸ ਉਪਰੰਤ ਇੱਥੋ ਦੇ ਮੈਨੇਜਰ ਵੱਲੋ ਪੁਲਿਸ ਨੂੰ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਗਿਆ, ਜਿਸ ਨੂੰ ਲੈਕੇ ਪੁਲਿਸ ਵੱਲੋ ਜਿੱਥੇ ਡਿਊਟੀ ਤੇ ਤਾਇਨਾਤ ਸੁਰੱਖਿਆ ਗਾਰਡਾਂ ਤੋ ਪੁੱਛਗਿੱਛ ਕੀਤੀ ਜਾ ਰਹੀ ਹੈ ,ਉੱਥੇ ਹੀ ਗੋਦਾਮ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ। ਇਸੇ ਦੌਰਾਨ ਇਸ ਚੋਰੀ ਨੂੰ ਲੈ ਕੇ ਗੋਦਾਮ ਦੇ ਆਲੇ ਦੁਆਲੇ ਦੇ ਲੋਕਾਂ ਤੇ ਸ਼ਹਿਰ ਵਾਸੀਆਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਵੀ ਉਠਾਏ ਜਾ ਰਹੇ ਹਨ। ਡੀਐਸਪੀ ਮਰਿੰਡਾ ਜਤਿੰਦਰ ਪਾਲ ਸਿੰਘ ਅਤੇ ਐਸਐਚ ਓ ਮਰਿੰਡਾ ਸ਼ਹਿਰੀ ਇੰਸਪੈਕਟਰ ਹਰਜਿੰਦਰ ਸਿੰਘ ਵੱਲੋਂ ਮਾਰਕਫੈਡ ਦੇ ਮੈਨੇਜਰ ਅਤੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਾਲ ਲੈ ਕੇ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ ਤੇ ਮੌਕੇ ਦਾ ਜਾਇਜ਼ਾ ਲਿਆ ਗਿਆ ਜਿਸ ਦੌਰਾਨ ਡੀਐਸਪੀ ਜਤਿੰਦਰ ਪਾਲ ਸਿੰਘ ਨੇ ਇਸ ਮਾਮਲੇ ਨੂੰ ਚੱਕੀ ਦੱਸਿਆ ਤੇ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਪੜਤਾਲ ਕੀਤੀ ਜਾਵੇਗੀ।
ਇੱਥੇ ਇਹ ਵੀ ਦੱਸਣ ਯੋਗ ਹੈ ਕਿ ਮੋਰਿੰਡਾ ਕਰਾਲੀ ਸੜਕ ਤੇ ਸ਼ਰਾਬ ਦਾ ਠੇਕਾ ਸਥਿਤ ਹੈ ਜਿੱਥੇ ਦੇਰ ਰਾਤ ਤੱਕ ਸ਼ਰਾਬੀਆਂ ਦੀ ਅਤੇ ਠੇਕੇਦਾਰਾਂ ਦੇ ਕਰਮਚਾਰੀਆਂ ਦੀ ਚਹਿਲ ਪਹਿਲ ਰਹਿੰਦੀ ਹੈ ਇੱਥੇ ਹੀ ਬਸ ਨਹੀਂ ਗੁਦਾਮਾਂ ਦੇ ਬਿਲਕੁਲ ਪਿਛਲੇ ਪਾਸੇ ਰਿਹਾਇਸ਼ੀ ਮਕਾਨ ਬਣੇ ਹੋਏ ਹਨ ਜਿਨਾਂ ਵਿੱਚ ਲੋਕ ਰਹਿ ਰਹੇ ਹਨ। ਜਿਨਾਂ ਵੱਲੋਂ ਚੋਰੀ ਹੋਣ ਦੀ ਵਾਰਦਾਤ ਤੂੰ ਬਿਲਕੁਲ ਹੀ ਅਣਜਾਣਤਾ ਪ੍ਰਗਟਾਈ ਜਾ ਰਹੀ ਹੈ।
ਇਸੇ ਦੌਰਾਨ ਗੋਦਾਮਾਂ ਵਿੱਚ ਮੌਜੂਦ ਮੈਨੇਜਰ ਸੁਨੀਲ ਕੁਮਾਰ ਨੇ ਦੱਸਿਆ ਕਿ ਗੋਦਾਮ ਵਿੱਚੋਂ ਲਗਭਗ 150 ਬੋਰੀਆਂ ਕਣਕ ਦੀ ਚੋਰੀ ਕੀਤੀਆਂ ਗਈਆਂ ਹਨ ਅਤੇ ਹਰੇਕ ਬੋਰੀ ਵਿਚ 50 ਕਿੱਲੋ ਕਣਕ ਭਰੀ ਜਾਂਦੀ ਹੈ । ਜਿਸ ਬਾਰੇ ਸੁਰੱਖਿਆ ਗਾਰਡਾਂ ਵੱਲੋਂ ਉਸਨੂੰ ਸਵੇਰੇ ਦੱਸਿਆ ਗਿਆ ਹੈ ਜਿਸ ਉਪਰੰਤ ਉਸ ਵੱਲੋਂ ਪੁਲਿਸ ਅਤੇ ਆਪਣੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਜਾ ਚੁੱਕਾ ਹੈ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਡਿਊਟੀ ਤੇ ਮੌਜੂਦ ਦੋਨੋਂ ਸੁਰੱਖਿਆ ਗਾਰਡਾਂ ਤੋ ਇਸ ਚੋਰੀ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਅਤੇ ਪੁਲਿਸ ਵੱਲੋਂ ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ।
ਉਧਰ ਘਟਨਾ ਸਥਾਨ ਤੇ ਪਹੁੰਚੇ ਡੀਐਸਪੀ ਜਤਿੰਦਰ ਪਾਲ ਸਿੰਘ ਅਤੇ ਐਸਐਚਓ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਾਰਕਫੈਡ ਦੀ ਸ਼ਿਕਾਇਤ ਦੇ ਆਧਾਰ ਤੇ ਇਹਨਾਂ ਗੁਦਾਮਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਘੋਖ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਚੋਰਾਂ ਨੂੰ ਜਲਦੀ ਹੀ ਗਿਰਫਤਾਰ ਕਰ ਲਿਆ ਜਾਵੇਗਾ ।
ਇਸ ਚੋਰੀ ਨੂੰ ਲੈ ਕੇ ਸ਼ਹਿਰ ਵਾਸੀਆਂ ਤੇ ਆਲੇ ਦੁਆਲੇ ਦੇ ਲੋਕਾਂ ਵੱਲੋਂ ਜਿਹੜੇ ਸਵਾਲ ਚੁੱਕੇ ਜਾ ਰਹੇ ਹਨ ਉਹਨਾਂ ਵਿੱਚ, ਕੀ 50 ਕਿੱਲੋਗ੍ਰਾਮ ਕਣਕ ਦੀ ਭਰੀ ਹੋਈ ਬੋਰੀ ਇਸ ਛੋਟੇ ਆਕਾਰ ਦੀ ਤਾਕੀ ਵਿੱਚੋਂ ਬਾਹਰ ਨਿਕਲ ਸਕਦੀ ਹੈ?
150 ਬੋਰੀਆਂ ਕਣਕ ਦੀਆਂ ਬਾਹਰ ਕੱਢਣ ਤੇ ਗੱਡੀ ਵਿਚ ਲੋਡ ਕਰਨ ਲਈ ਕਿੰਨੇ ਵਿਅਕਤੀ ਸ਼ਾਮਲ ਹੋਣਗੇ ਅਤੇ ਇਸ ਨੂੰ ਕਿੰਨਾ ਸਮਾ ਲੱਗਿਆ ਹੋਵੇਗਾ? ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਮਾਰਕਫੈਡ ਦੇ ਅਧਿਕਾਰੀਆਂ ਕੋਲੋਂ ਇਹਨਾਂ ਸਵਾਲਾਂ ਦੇ ਜਵਾਬਾਂ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਪਰੰਤੂ ਦੇਖਣਾ ਹੋਵੇਗਾ ਕਿ ਕੀ ਉਹ ਉਪਰੋਕਤ ਸਵਾਲਾਂ ਦਾ ਜਵਾਬ ਦੇਣਗੇ ਜਾਂ ਨਹੀਂ ?
Published on: ਜਨਵਰੀ 25, 2025 8:16 ਬਾਃ ਦੁਃ