ਹਿਮਾਚਲ ਪੁਲਿਸ ਵਲੋਂ ਪੰਜਾਬੀ ਨਸ਼ਾ ਤਸਕਰ ਡਰਾਈਵਰ ਸਮੇਤ ਗ੍ਰਿਫ਼ਤਾਰ
ਤਰਨਤਾਰਨ, 25 ਜਨਵਰੀ, ਦੇਸ਼ ਕਲਿਕ ਬਿਊਰੋ :
ਹਿਮਾਚਲ ਦੀ ਧਰਮਸ਼ਾਲਾ ਪੁਲਿਸ ਨੇ ਪੰਜਾਬ ਦੇ ਤਰਨਤਾਰਨ ਤੋਂ ਹਿਮਾਚਲ ਨੂੰ ਚਿਟਾ ਸਪਲਾਈ ਕਰਨ ਵਾਲੇ ਮੁੱਖ ਸਰਗਨਾ ਮਨਿੰਦਰ ਉਰਫ ਲੰਗੜਾ ਰਾਮ ਅਤੇ ਉਸਦੇ ਡਰਾਈਵਰ ਰਾਕੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਪਹਿਲਾਂ ਹੀ ਗ੍ਰਿਫਤਾਰ ਕੀਤੇ ਗਏ ਤਿੰਨ ਨੌਜਵਾਨਾਂ ਦੀ ਨਿਸ਼ਾਨਦੇਹੀ ‘ਤੇ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਪੁਲਿਸ ਨੇ ਦੇਹਰਾਦੂਨ ਦੇ ਸ਼ਸ਼ਾਂਕ ਬਿਸ਼ਟ, ਆਯੂਸ਼ ਸੋਨੀ ਅਤੇ ਧਰਮਸ਼ਾਲਾ ਦੇ ਸ਼ੇਵਤਾਂਗ ਸ਼ਾਹੀ ਨੂੰ 30 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਤਿੰਨਾਂ ਨੇ ਖੁਲਾਸਾ ਕੀਤਾ ਕਿ ਉਹ ਲੰਗੜਾ ਰਾਮ ਤੋਂ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਖਰੀਦਦੇ ਸਨ।
ਮੁੱਖ ਸਰਗਨਾ ਮਨਿੰਦਰ ਤਰਨਤਾਰਨ ਦੇ ਪਿੰਡ ਬਾਮਨੀਪਾਲ ਦਾ ਵਸਨੀਕ ਹੈ, ਜਦਕਿ ਉਸਦਾ ਡਰਾਈਵਰ ਰਾਕੇਸ਼ ਕੁਮਾਰ ਗਾਂਧੀ ਕੈਂਪ ਜਲੰਧਰ ਦਾ ਰਹਿਣ ਵਾਲਾ ਹੈ।
Published on: ਜਨਵਰੀ 25, 2025 9:21 ਪੂਃ ਦੁਃ